ਅਕਾਲ ਤਖ਼ਤ ਸਾਹਿਬ ਨੂੰ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ ਬਾਰੇ ਰਿਪੋਰਟ ਸੌਂਪੀ

ਅੰਮ੍ਰਿਤਸਰ, 5 ਜੂਨ – 3 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ ਕਮੇਟੀ ਨੇ ਵਿਵਾਦਾਂ ‘ਚ ਘਿਰੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਬਣੀ ਐਨੀਮੇਟਿਡ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ ਨੂੰ ਦੇਖਣ ਤੋਂ ਬਾਅਦ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਹੈ, ਜਿਸ ਵਿੱਚ ਫਿਲਮ ਦੀਆਂ ਕੁੱਝ ਖ਼ਾਮੀਆਂ ਬਾਰੇ ਜ਼ਿਕਰ ਕੀਤਾ ਗਿਆ ਹੈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ (ਜੋ ਕਮੇਟੀ ਮੁਖੀ ਵੀ ਹਨ), ਦੇ ਨਾਲ ਬੀਬੀ ਕਿਰਨਜੋਤ ਕੌਰ, ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਦਿੱਲੀ ਤੋਂ ਮਨਮੋਹਨ ਸਿੰਘ ਅਤੇ ਕੋਆਰਡੀਨੇਟਰ ਸਿਮਰਜੀਤ ਸਿੰਘ ਸ਼ਾਮਲ ਸਨ।
ਇਸ ਮੀਟਿੰਗ ਵਿੱਚ ਦੁਬਾਰਾ ਸੋਧੀ ਫਿਲਮ ਦੇਖੀ ਗਈ, ਤੇ ਜਿਸ ‘ਚ ਵੀ ਕੁੱਝ ਇਤਰਾਜ਼ ਸਾਹਮਣੇ ਆਏ ਹਨ। ਫਿਲਮ ਨਿਰਮਾਤਾ ਅਤੇ ਪ੍ਰਬੰਧਕਾਂ ਨੂੰ ਸਬ ਕਮੇਟੀ ਨੇ ਇਹ ਇਤਰਾਜ਼ ਤੁਰੰਤ ਦੂਰ ਕਰਨ ਲਈ ਆਖਿਆ ਹੈ। ਕੁੱਝ ਦਿਨ ਪਹਿਲਾਂ ਵੀ ਸਬ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਕਮੇਟੀ ਮੈਂਬਰਾਂ ਨੇ ਇਹ ਫਿਲਮ ਦੇਖੀ ਸੀ। ਫਿਲਮ ‘ਚ ਮੁੱਖ ਇਤਰਾਜ਼ ਛੇਵੇਂ ਪਾਤਸ਼ਾਹ ਨੂੰ ਐਨੀਮੇਟਿਡ ਰੂਪ ਵਿੱਚ ਦਿਖਾਉਣ ‘ਤੇ ਜਤਾਇਆ ਗਿਆ ਸੀ। ਕਮੇਟੀ ਮੈਂਬਰਾਂ ਨੇ ਇਹ ਇਤਰਾਜ਼ ਫਿਲਮ ਪ੍ਰਬੰਧਕਾਂ ਨੂੰ ਦੂਰ ਕਰਨ ਵਾਸਤੇ ਆਖਿਆ ਸੀ, ਜਿਸ ਨੂੰ ਹੁਣ ਦੂਰ ਕਰ ਦਿੱਤਾ ਗਿਆ ਹੈ। ਹੁਣ ਫਿਲਮ ਵਿੱਚ ਗੁਰੂ ਸਾਹਿਬ ਦੀ ਤਸਵੀਰ ਜਾਂ ਐਨੀਮੇਟਿਡ ਰੂਪ ਦੀ ਥਾਂ ਜੋਤ ਦਿਖਾਈ ਗਈ ਹੈ। ਇਹ ਫਿਲਮ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਦੇ ਸਮੇਂ ਦੀ ਦਾਸਤਾਨ ਨੂੰ ਦਰਸਾਉਂਦੀ ਹੈ।
ਐਡਵੋਕੇਟ ਸ੍ਰੀ ਸਿਆਲਕਾ ਨੇ ਦੱਸਿਆ ਕਿ ਫਿਲਮ ਨੂੰ ਦੋ ਵਾਰ ਦੇਖਣ ਮਗਰੋਂ ਅਤੇ ਇਸ ਸਬੰਧੀ ਇਤਰਾਜ਼ ਬਾਰੇ ਮੁਕੰਮਲ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਹੈ। ਜੋ ਇਤਰਾਜ਼ ਸਨ, ਉਨ੍ਹਾਂ ਬਾਰੇ ਵੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਦਰੁਸਤੀ ਲਈ ਵੀ ਆਖਿਆ ਗਿਆ ਹੈ। ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਸਬ ਕਮੇਟੀ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਗੁਰੂ ਸਾਹਿਬ ਦੀਆਂ ਤਸਵੀਰਾਂ ਜਾਂ ਐਨੀਮੇਸ਼ਨ ਨੂੰ ਕਿਸੇ ਵੀ ਰੂਪ ਵਿੱਚ ਨਹੀਂ ਦਿਖਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਇਤਿਹਾਸਕ ਅਤੇ ਕਲਾ ਦੇ ਪੱਖ ਤੋਂ ਕੁੱਝ ਤਰੁੱਟੀਆਂ ਰਹਿ ਗਈਆਂ ਹਨ। ਪ੍ਰਬੰਧਕਾਂ ਨੂੰ ਇਹ ਤਰੁੱਟੀਆਂ ਦੂਰ ਕਰਨ ਵਾਸਤੇ ਆਖਿਆ ਗਿਆ ਹੈ। ਇਸ ਸਬੰਧੀ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪ ਦਿੱਤੀ ਹੈ। ਹੁਣ ਇਸ ਸਬੰਧੀ ਅਗਲਾ ਫ਼ੈਸਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੀਤਾ ਜਾਵੇਗਾ।