ਸ. ਬਿਕਰਮ ਸਿੰਘ ਮਝੈਲ ਦੀ ਪੁਸਤਕ ‘ਸਿੱਖਜ਼ ਐਂਡ ਟੂ ਨੇਸ਼ਨ ਥਿਊਰੀ’ ਰਿਲੀਜ਼

ਆਕਲੈਂਡ, 18 ਮਈ – ਪਾਪਾਟੋਏਟੋਏ ਵਿਖੇ ਬੀਤੀ 9 ਮਈ ਦਿਨ ਸ਼ਨੀਵਾਰ ਨੂੰ ਲੇਖਕ ਬਿਕਰਮ ਸਿੰਘ ਮਝੈਲ ਦੀ ਨਵੀਂ ਪੁਸਤਕ ‘ਸਿੱਖਜ਼ ਐਂਡ ਟੂ ਨੇਸ਼ਨ ਥਿਊਰੀ’ (Sikhs and Two Nation Theory) ਰਿਲੀਜ਼ ਕੀਤੀ ਗਈ। ਇਸ ਪੁਸਤਕ ਰਿਲੀਜ਼ ਸਮਾਗਮ ਬੜੇ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚੜ੍ਹਿਆ।
ਲੇਖਕ ਬਿਕਰਮ ਸਿੰਘ ਮਝੈਲ ਨੇ ਪੁਸਤਕ ‘ਸਿੱਖਜ਼ ਐਂਡ ਟੂ ਨੇਸ਼ਨ ਥਿਊਰੀ’ ਵਿੱਚ 1947 ਦੀ ਵੰਡ ਦੇ ਸਮੇਂ ਸਿੱਖਾਂ ਨਾਲ ਹੋਏ ਧੋਖੇ ਬਾਰੇ ਤੱਥਾਂ ਸਹਿਤ ਲਿਖਿਆ ਹੈ ਕਿ ਕਿਵੇਂ ਸਿੱਖਾਂ ਨੂੰ ਤੀਜੀ ਧਿਰ ਬਣਨ ਤੋਂ ਰੋਕਿਆ ਗਿਆ, ਉਨ੍ਹਾਂ ਨੇ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਬਾਰੇ ਵੀ ਲਿਖਿਆ ਹੈ। ਲੇਖਕ ਬਿਕਰਮ ਸਿੰਘ ਮਝੈਲ ਨੇ ਪੁਸਤਕ ‘ਸਿੱਖਜ਼ ਐਂਡ ਟੂ ਨੇਸ਼ਨ ਥਿਊਰੀ’ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖੀ ਹੈ ਤਾਂ ਜੋ ਵਿਸ਼ਵ ਵਿਆਪੀ ਪੱਧਰ ਦੇ ਪਾਠਕਾਂ ਵੱਲੋਂ ਪੜ੍ਹੀ ਜਾ ਸਕੇ।
ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਦੇ ਸਹਿਯੋਗ ਨਾਲ ਇਹ ਪੁਸਤਕ ਰਿਲੀਜ਼ ਸਮਾਗਮ ਕਰਵਾਇਆ ਗਿਆ। ਐਨਜ਼ੈੱਡਸੀਐੱਸਏ ਦੇ ਉੱਘੇ ਮੈਂਬਰ ਸ. ਗੁਰਤੇਜ ਸਿੰਘ ਜੋ ਵੈਲਿੰਗਟਨ ਤੋਂ ਪੁੱਜੇ ਸਨ ਉਨ੍ਹਾਂ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਵੱਲੋਂ ਕੀਤੇ ਦੇ ਧਾਰਮਿਕ, ਸਮਾਜਿਕ ਅਤੇ ਅਕਾਦਮਿਕ ਕਾਰਜਾਂ ਬਾਰੇ ਵੀਡੀਓ ਰਾਹੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਖ਼ਾਸ ਤੌਰ ‘ਤੇ ਪਾਕਿਸਤਾਨ ਦੇ ਵਿੱਚ ਐਨਜ਼ੈੱਡਸੀਐੱਸਏ ਵੱਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਅਤੇ ਮਾਓਰੀ ਭਾਸ਼ਾ ਦੇ ਵਿੱਚ ਜਪੁਜੀ ਸਾਹਿਬ ਦੇ ਕੀਤੇ ਅਨੁਵਾਦ ਬਾਰੇ ਵੀ ਦੱਸਿਆ ਤੇ ਭਵਿੱਖ ਦੇ ਹੋਰ ਪ੍ਰੋਜੈਕਟਾਂ ਬਾਰੇ ਵੀ ਦੱਸਿਆ।
ਲੇਖਕ ਬਿਕਰਮ ਸਿੰਘ ਮਝੈਲ ਦੀ ਪੁਸਤਕ ‘ਸਿੱਖਜ਼ ਐਂਡ ਟੂ ਨੇਸ਼ਨ ਥਿਊਰੀ’ ਬਾਰੇ ਚਰਚਾਂ ਕਰਦੇ ਹੋਏ ਸ. ਰਾਮ ਸਿੰਘ ਨੇ ਪੁਸਤਕ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ।
ਲੇਖਕ ਸ. ਬਿਕਰਮ ਸਿੰਘ ਮਝੈਲ ਹੋਰਾਂ ਨੇ ਪੁਸਤਕ ਬਾਰੇ ਬੋਲਦੇ ਹੋਏ ਕਈ ਅਜਿਹੇ ਤੱਥ ਪੇਸ਼ ਕੀਤੇ ਕਿ ਦੇਸ਼ ਦੀ ਵੰਡ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਅਣਗੌਲਿਆ ਕਰਕੇ ਸਿੱਖ ਨੂੰ ਵੱਖ ਦੇਸ਼ ਨਾ ਮਿਲਣ ਤੋਂ ਕਿਵੇਂ ਵਾਂਝੀਆਂ ਰੱਖਿਆ ਗਿਆ, ਜਿਸ ਦਾ ਖ਼ਮਿਆਜ਼ਾ ਸਿੱਖਾਂ ਨੂੰ ਦੇਸ਼ ਦੀ ਵੰਡ ਵੇਲੇ ਹੋਈ ਕਤਲੋਂ ਗਾਰਤ ਸਹਿ ਕੇ ਝੱਲਣਾ ਪਿਆ। ਜਦੋਂ ਕਿ ਸਿੱਖ ਰਾਜ-ਸੱਤਾ ਦੇ ਬਰਾਬਰ ਦੇ ਦਾਅਵੇਦਾਰ ਸਨ।
ਇਸ ਮੌਕੇ ਸ. ਸੁਰਜੀਤ ਸਿੰਘ ਸਚਦੇਵ, ਸ. ਹਰਜਿੰਦਰ ਸਿੰਘ ਬਸਿਆਲਾ ਨੇ ਸ. ਬਿਕਰਮ ਸਿੰਘ ਮਝੈਲ ਦੀ ਪੁਸਤਕ ਬਾਰੇ ਸੰਖੇਪ ਚਰਚਾ ਕੀਤੀ।
ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਤੋਂ ਪਹੁੰਚੇ ਸ. ਤੇਜਵੀਰ ਸਿੰਘ ਸੈਣੀ ਹੋਰਾਂ ਨੇ ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਸਾਂਝ ਪਾਈ।