ਕੌਕਰੇਚ ਜਨਤਾ ਪਾਰਟੀ (ਸੀਜੇਪੀ) ਦੇ ‘ਚਲੋ ਸੰਸਦ’ ਪ੍ਰਦਰਸ਼ਨ ਦੌਰਾਨ ਦੇਸ਼ ਭਰ ਤੋਂ ਪਹੁੰਚੇ ਨੌਜਵਾਨ, ਪੁਲੀਸ ਨੇ ਹੰਝੂ ਗੈੱਸ ਦੇ ਗੋਲੇ ਛੱਡੇ ਅਤੇ ਲਾਠੀ ਚਾਰਜ ਕੀਤਾ

ਨਵੀਂ ਦਿੱਲੀ, 21 ਜੁਲਾਈ – 20 ਜੁਲਾਈ ਦਿਨ ਸੋਮਵਾਰ ਨੂੰ ਕੌਕਰੇਚ ਜਨਤਾ ਪਾਰਟੀ (ਸੀਜੇਪੀ) ਸਮਰਥਕਾਂ ਅਤੇ ਦੇਸ਼ ਭਰ ਤੋਂ ਆਏ ਆਮ ਲੋਕਾਂ ਸਮੇਤ ਪ੍ਰਦਰਸ਼ਨਕਾਰੀਆਂ ਦਾ ਇੱਕ ਵੱਡਾ ਸਮੂਹ ਜੰਤਰ-ਮੰਤਰ ਪ੍ਰਦਰਸ਼ਨ ਵਾਲੀ ਥਾਂ ਵੱਲ ਵਧ ਰਿਹਾ ਹੈ, ਜਿੱਥੇ ਸੰਸਦ ਵੱਲ ਪ੍ਰਸਤਾਵਿਤ ਮਾਰਚ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਇਕੱਠੇ ਹੋਏ। ਸੀਜੇਪੀ ਵੱਲੋਂ ਨੀਟ ਪਰੀਖਿਆ, ਪੇਪਰ ਲੀਕ ਮਾਮਲੇ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ‘ਚਲੋ ਸੰਸਦ’ ਮਾਰਚ ਪ੍ਰਦਰਸ਼ਨ ਬੁਲਾਇਆ ਸੀ।
ਸੀਜੇਪੀ ਦੇ ਮਾਰਚ ਪ੍ਰਦਰਸ਼ਨ ਵਿੱਚ ਲਗਾਤਾਰ ਵੱਡਾ ਇਕੱਠ ਹੋਣ ਦੇ ਮੱਦੇਨਜ਼ਰ, ਪ੍ਰਦਰਸ਼ਨਕਾਰੀਆਂ ਨੂੰ ਪਾਬੰਦੀਸ਼ੁਦਾ ਖੇਤਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਬਹੁ-ਪਰਤੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਕਰਮਚਾਰੀਆਂ ਨੇ ਸੰਸਦ ਭਵਨ ਦੇ ਵਿਸ਼ਾਲ ਲੋਹੇ ਦੇ ਗੇਟਾਂ ਨੂੰ ਬੰਦ ਕਰ ਦਿੱਤਾ, ਜਦੋਂ ਕਿ ਬਚਾਅ ਦੇ ਉਪਾਅ ਵਜੋਂ ਸੰਸਦ ਭਵਨ ਅਹਾਤੇ ਦੇ ਅੰਦਰ ਸੁਰੱਖਿਆ ਬਲ ਦੇ ਜਵਾਨ, ਅੱਗ ਬੁਝਾਊ ਗੱਡੀਆਂ ਅਤੇ ਸੰਕਟਕਾਲੀਨ ਪਾਣੀ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਜੰਤਰ-ਮੰਤਰ ‘ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ, ਰਿਪੋਰਟਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਸਿਗਨਲ ਜੈਮਰਾਂ ਦੀ ਵਰਤੋਂ ਵੀ ਕੀਤੀ ਗਈ।
ਕੌਕਰੇਚ ਜਨਤਾ ਪਾਰਟੀ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਦੇ ਵੱਖ-ਵੱਖ ਸਮੂਹਾਂ ਵੱਲੋਂ ਸੰਸਦ ਨੇੜੇ ਕਈ ਥਾਵਾਂ ‘ਤੇ ਦਿੱਤੇ ਜਾ ਰਹੇ ਧਰਨੇ ਅਤੇ ਤਣਾਅ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਸ਼ਾਂਤੀ ਬਣਾਏ ਰੱਖਣ, ਸੰਜਮ ਵਰਤਣ ਅਤੇ ਕਾਨੂੰਨ ਵਿਵਸਥਾ ਬਹਾਲ ਰੱਖਣ ਵਿੱਚ ਸੁਰੱਖਿਆ ਕਰਮਚਾਰੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ।
ਜਦੋਂ ਉਨ੍ਹਾਂ ਨੇ ਸੰਸਦ ਵੱਲ ਮਾਰਚ ਕਰਨ ਲਈ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਵੱਲੋਂ ਉਨ੍ਹਾਂ ‘ਤੇ ਹੰਝੂ ਗੈੱਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਪੁਲੀਸ ਨੇ ਅੰਦੋਲਨ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੈਰਾ ਮਿਲਟਰੀ ਬਲਾਂ ਸਮੇਤ ਵਾਧੂ ਕਰਮਚਾਰੀ ਤਾਇਨਾਤ ਕੀਤੇ ਹਨ ਅਤੇ ਕਈ ਪਰਤਾਂ ਵਾਲੇ ਬੈਰੀਕੇਡ ਲਗਾਏ ਸਨ। ਸੰਵੇਦਨਸ਼ੀਲ ਥਾਵਾਂ ‘ਤੇ ਪੁਲਿਸ ਦੇ ਵਰਦੀਧਾਰੀ ਅਤੇ ਸਾਦੇ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਰਾਜਧਾਨੀ ਦੇ ਐਂਟਰੀ ਪੁਆਇੰਟਾਂ ਅਤੇ ਮਹੱਤਵਪੂਰਨ ਸਥਾਨਾਂ ‘ਤੇ ਵਾਹਨਾਂ ਦੀ ਚੈਕਿੰਗ ਵੀ ਤੇਜ਼ ਕਰ ਦਿੱਤੀ ਗਈ ਸੀ।
ਸੰਸਦ ਵੱਲ ਮਾਰਚ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਅਤੇ ਇਸ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਇਨਰ ਸਰਕਲ ਤੇ ਆਊਟਰ ਸਰਕਲ ਵਿੱਚ ਫੈਲ ਗਏ। ਸੀਜੇਪੀ ਦੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਕੇਂਦਰੀ ਦਿੱਲੀ ਪੂਰੀ ਤਰ੍ਹਾਂ ਇੱਕ ਕਿਲ੍ਹੇ ਵਿੱਚ ਤਬਦੀਲ ਹੋ ਗਈ। ਸਵੇਰ ਵੇਲੇ ਸ਼ਾਂਤਮਈ ਢੰਗ ਨਾਲ ਸ਼ੁਰੂ ਹੋਇਆ ਇਹ ਇਕੱਠ ਦੁਪਹਿਰ ਹੁੰਦੇ-ਹੁੰਦੇ ਬੇਕਾਬੂ ਹੋ ਗਿਆ, ਜਿਸ ਨੂੰ ਰੋਕਣ ਲਈ ਦਿੱਲੀ ਪੁਲੀਸ ਨੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ। ਲਗਭਗ ਦੁਪਹਿਰ 3 ਵਜੇ ਤੱਕ ਕੇਂਦਰੀ ਦਿੱਲੀ ਨੂੰ ਜੋੜਨ ਵਾਲੇ ਸਾਰੇ ਲਾਂਘੇ ਸੀਲ ਕਰ ਦਿੱਤੇ ਗਏ ਸਨ। ਇਸ ਦੌਰਾਨ ਕਈ ਥਾਵਾਂ ‘ਤੇ ਭਗਦੜ ਵਰਗੀ ਸਥਿਤੀ ਬਣ ਗਈ ਸੀ।
ਇਸ ਵੱਡੇ ਪ੍ਰਦਰਸ਼ਨ ਵਿੱਚ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ ਕਿਉਂਕਿ ਫਿਲਮ ਅਦਾਕਾਰਾ ਸ਼ਬਾਨਾ ਆਜ਼ਮੀ, ਅਦਾਕਾਰ ਪ੍ਰਕਾਸ਼ ਰਾਜ, ਸਾਂਸਦ ਡਿੰਪਲ ਯਾਦਵ, ਬ੍ਰਿੰਦਾ ਕਰਾਤ, ਆਮ ਆਦਮੀ ਪਾਰਟੀ ਦੇ ਕਈ ਪ੍ਰਮੁੱਖ ਆਗੂ ਅਤੇ ਹੋਰ ਵੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਣੇ ਕਈ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਸਨ।