ਫੀਫਾ ਵਰਲਡ ਕੱਪ 2026: ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਦੂਜੀ ਵਾਰ ਵਰਲਡ ਕੱਪ ਦੇ ਖ਼ਿਤਾਬ ‘ਤੇ ਕਬਜ਼ਾ ਕੀਤਾ

ਨਿਊਯਾਰਕ, 20 ਜੁਲਾਈ – ਇੱਥੇ ਮੈਟਲਾਈਫ ਸਟੇਡੀਅਮ ਵਿਖੇ ਸਪੇਨ ਨੇ ਫੀਫਾ ਵਰਲਡ ਕੱਪ 2026 ਦੇ ਫਾਈਨਲ ਮੁਕਾਬਲੇ ਵਿੱਚ ਪਿਛਲੇ ਵਰਲਡ ਕੱਪ 2022 ਦੀ ਜੇਤੂ ਟੀਮ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਦੂਜੀ ਵਾਰ ਖ਼ਿਤਾਬ ‘ਤੇ ਕਬਜ਼ਾ ਕੀਤਾ। 90 ਮਿੰਟਾਂ ਦੀ ਖੇਡ ਦੌਰਾਨ ਕੋਈ ਗੋਲ ਨਹੀਂ ਹੋਇਆ, ਪਰ ਵਾਧੂ ਸਮੇਂ ਦੌਰਾਨ 106ਵੇਂ ਮਿੰਟ ਵਿੱਚ ਵਰਲਡ ਕੱਪ ਚੈਂਪੀਅਨ ਬਣੀ ਸਪੇਨ ਦੇ ਸਟਾਰ ਵਿੰਗਰ ਫੇਰਾਨ ਟੋਰੇਸ ਨੇ ਮੈਚ ਦਾ ਇਕਲੌਤਾ ਇਤਿਹਾਸਕ ਗੋਲ ਕਰਕੇ ਆਪਣੀ ਟੀਮ ਨੂੰ ਵਰਲਡ ਕੱਪ ਦਾ ਖ਼ਿਤਾਬ ਦੁਆਇਆ। ਇਸ ਹਾਰ ਦੇ ਨਾਲ ਹੀ ਜਿੱਥੇ ਅਰਜਨਟੀਨਾ ਅਤੇ ਉਨ੍ਹਾਂ ਦੇ ਮਹਾਨ ਸਟ੍ਰਾਈਕਰ ਲਿਓਨਲ ਮੇਸੀ ਦਾ ਲਗਾਤਾਰ ਦੂਜੀ ਵਾਰ ਵਰਲਡ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।
ਜ਼ਿਕਰਯੋਗ ਹੈ ਕਿ 2010 ਤੋਂ ਬਾਅਦ ਇਹ ਸਪੇਨ ਦਾ ਦੂਜਾ ਵਰਲਡ ਕੱਪ ਖ਼ਿਤਾਬ ਹੈ। ਜਦੋਂ ਕਿ ਸੰਘਰਸ਼ਪੂਰਨ ਫਾਈਨਲ ਮੁਕਾਬਲੇ ਵਿੱਚ ਵਾਧੂ ਸਮੇਂ ਦੌਰਾਨ ਸਪੇਨ ਹੱਥੋਂ 1-0 ਦੀ ਹਾਰ ਮਿਲਣ ਤੋਂ ਬਾਅਦ ਅਰਜਨਟੀਨਾ ਦੇ ਕਪਤਾਨ ਅਤੇ ਮਹਾਨ ਫੁੱਟਬਾਲਰ ਲਿਓਨਲ ਮੇਸੀ ਆਪਣੇ ਹੰਝੂ ਨਹੀਂ ਰੋਕ ਸਕੇ।
ਫਾਈਨਲ ਮੁਕਾਬਲੇ ਦੌਰਾਨ ਮੈਚ ਦੇ ਨਿਰਧਾਰਿਤ 90 ਮਿੰਟਾਂ ਦੀ ਖੇਡ ਖ਼ਤਮ ਹੋਣ ਤੱਕ ਦੋਵੇਂ ਟੀਮਾਂ 0-0 ‘ਤੇ ਬਰਾਬਰ ਰਹੀਆਂ, ਜਿਸ ਕਾਰਨ ਮੈਚ ਨੂੰ ਵਾਧੂ ਸਮੇਂ ਵਿੱਚ ਲਿਜਾਣਾ ਪਿਆ। ਪੂਰੇ ਮੈਚ ਦੌਰਾਨ ਸਪੇਨ ਨੇ ਖੇਡ ‘ਤੇ ਪੂਰਾ ਦਬਦਬਾ ਬਣਾਈ ਰੱਖਿਆ। ਸਪੇਨ ਦੇ ਖਿਡਾਰੀਆਂ ਕੋਲ 65% ਸਮੇਂ ਲਈ ਗੇਂਦ ਦਾ ਕਬਜ਼ਾ ਰਿਹਾ, ਸਪੇਨ ਨੇ ਗੋਲ ਕਰਨ ਦੀਆਂ 20 ਕੋਸ਼ਿਸ਼ਾਂ ਕੀਤੀਆਂ ਅਤੇ 11 ਸ਼ਾਟ ਸਿੱਧੇ ਗੋਲ ਵੱਲ ਲਗਾਏ। ਪੂਰੇ ਮੈਚ ਦੌਰਾਨ ਸਪੇਨ ਨੇ ਕੁੱਲ 803 ਪਾਸ ਪੂਰੇ ਕੀਤੇ। ਜਦੋਂ ਕਿ ਅਰਜਨਟੀਨਾ ਕੋਲ ਬਾਲ ‘ਤੇ ਸਿਰਫ਼ 32% ਕਬਜ਼ਾ ਰਿਹਾ ਅਤੇ ਉਨ੍ਹਾਂ ਨੇ 445 ਪਾਸ ਕੀਤੇ। ਅਰਜਨਟੀਨਾ ਪੂਰੇ ਮੈਚ ਦੌਰਾਨ ਸਿਰਫ਼ 3 ਸ਼ਾਟ ਹੀ ਲਗਾ ਸਕਿਆ ਅਤੇ ਉਸ ਦਾ ਇੱਕ ਵੀ ਸ਼ਾਟ ਸਹੀ ਨਿਸ਼ਾਨੇ (ਗੋਲ ਵੱਲ) ‘ਤੇ ਨਹੀਂ ਲਗਾ ਸਕਿਆ।
ਵਾਧੂ ਸਮੇਂ ਦੇ ਅੰਤਰਾਲ ਤੋਂ ਬਾਅਦ ਖੇਡ ਮੁੜ ਸ਼ੁਰੂ ਹੁੰਦਿਆਂ ਹੀ, ਸਪੇਨ ਨੇ ਆਖ਼ਰਕਾਰ 106ਵੇਂ ਮਿੰਟ ਵਿੱਚ ਸਫਲਤਾ ਹਾਸਲ ਕਰ ਲਈ। ਸਪੇਨ ਦੇ ਖਿਡਾਰੀ ਫੇਰਾਨ ਟੋਰੇਸ ਨੇ ਸ਼ਾਨਦਾਰ ਢੰਗ ਨਾਲ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਗੋਲ ਨੇ ਅਰਜਨਟੀਨਾ ਦੀ ਮਜ਼ਬੂਤ ਰੱਖਿਆ-ਪੰਕਤੀ (ਡਿਫੈਂਸ) ਨੂੰ ਵੀ ਤੋੜ ਦਿੱਤਾ। ਦੂਜੇ ਪਾਸੇ, ਮੌਜੂਦਾ ਚੈਂਪੀਅਨ ਅਰਜਨਟੀਨਾ ਇੱਕ ਵੀ ਸ਼ਾਟ ਨਹੀਂ ਲਗਾ ਸਕਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਉਦੋਂ ਹੋਰ ਵਧ ਗਈਆਂ ਜਦੋਂ ਸਟਾਪੇਜ ਸਮੇਂ (90+3) ਦੌਰਾਨ ਐਨਜ਼ੋ ਫਰਨਾਂਡੀਜ਼ ਨੂੰ ਰੈੱਡ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ, ਜਿਸ ਕਾਰਨ ਟੀਮ ਨੂੰ ਬਾਕੀ ਮੈਚ 10 ਖਿਡਾਰੀਆਂ ਨਾਲ ਖੇਡਣਾ ਪਿਆ। ਜਿਸ ਦਾ ਖ਼ਮਿਆਜ਼ਾ ਅਰਜਨਟੀਨਾ ਨੂੰ ਹਾਰ ਕੇ ਭੁਗਤਣਾ ਪਿਆ। ਅਰਜਨਟੀਨਾ ਦੀ ਟੀਮ ਨੇ ਪੂਰੇ ਵਰਲਡ ਕੱਪ ਟੂਰਨਾਮੈਂਟ ਦੌਰਾਨ ਆਖ਼ਰੀ ਪਲਾਂ ਵਿੱਚ ਚਮਤਕਾਰੀ ਵਾਪਸੀ ਕੀਤੀ ਸੀ, ਪਰ ਫਾਈਨਲ ਮੁਕਾਬਲੇ ਵਿੱਚ ਉਹ ਇਸ ਵਾਰ ਉਸ ਪ੍ਰਦਰਸ਼ਨ ਨੂੰ ਦੁਹਰਾਉਣ ਵਿੱਚ ਅਸਫਲ ਰਿਹਾ।