ਆਈਸੀਸੀ ਕ੍ਰਿਕਟ ਵਰਲਡ ਕੱਪ: ਭਾਰਤ ਨੇ ਦੂਜੇ ਲੀਗ ਮੁਕਾਬਲੇ ‘ਚ ਅਫ਼ਗ਼ਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 11 ਅਕਤੂਬਰ – ਭਾਰਤ ਨੇ ਕ੍ਰਿਕਟ ਵਰਲਡ ਕੱਪ ਵਿੱਚ ਆਪਣੀ ਜੇਤੂ ਲੈਅ ਕਾਇਮ ਰੱਖਦੇ ਹੋਏ ਅੱਜ ਆਪਣੇ ਦੂਜੇ ਲੀਗ ਮੁਕਾਬਲੇ ਵਿਚ ਅਫ਼ਗ਼ਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਫ਼ਗ਼ਾਨਿਸਤਾਨ ਵੱਲੋਂ ਜਿੱਤ ਲਈ ਮਿਲੇ 273 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ ਨੇ 84 ਗੇਂਦਾਂ ’ਤੇ 131 ਦੌੜਾਂ ਦੀ ਤੇਜ਼ ਤੱਰਾਰ ਪਾਰੀ ਖੇਡੀ ਤੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਸਭ ਤੋਂ ਵੱਧ ਸੈਂਕੜੇ ਲਾਉਣ ਦਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ। ਹੋਰਨਾਂ ਬੱਲੇਬਾਜ਼ਾਂ ਵਿਚ ਇਸ਼ਾਨ ਕਿਸ਼ਨ ਨੇ 47, ਵਿਰਾਟ ਕੋਹਲੀ ਨੇ ਨਾਬਾਦ 55 ਦੌੜਾਂ ਤੇ ਸ਼੍ਰੇਅਸ ਅੱਈਅਰ ਨੇ ਨਾਬਾਦ 25 ਦੌੜਾਂ ਬਣਾਈਆਂ। ਰੋਹਿਤ ਤੇ ਇਸ਼ਾਨ ਨੇ ਪਹਿਲੀ ਵਿਕਟ ਲਈ 156 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਨੇ ਜੇਤੂ ਟੀਚਾ 35 ਓਵਰਾਂ ਵਿੱਚ ਪੂਰਾ ਕਰ ਲਿਆ।
ਇਸ ਤੋਂ ਪਹਿਲਾਂ ਕਪਤਾਨ ਹਸ਼ਮਤੁੱਲਾ ਸ਼ਹੀਦੀ ਦੀਆਂ 80 ਦੌੜਾਂ ਅਤੇ ਅਜ਼ਮਤੁੱਲਾਹ ਦੀਆਂ 62 ਦੌੜਾਂ ਦੀ ਮਦਦ ਨਾਲ ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫ਼ਗਾਨ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 272 ਦੌੜਾਂ ਬਣਾਈਆਂ। ਬੱਲੇਬਾਜ਼ੀ ਲਈ ਆਸਾਨ ਪਿੱਚ ‘ਤੇ ਅਫਗਾਨਿਸਤਾਨ ਦੀ ਟੀਮ 272 ਦੌੜਾਂ ਹੀ ਬਣਾ ਸਕੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 39 ਦੌੜਾਂ ਦੇ ਕੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ।
ਭਾਰਤ ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਪੁਆਇੰਟਸ ਟੇਬਲ ‘ਚ ਨਿਊਜ਼ੀਲੈਂਡ ਮਗਰੋਂ ਦੂਜੇ ਸਥਾਨ ’ਤੇ ਪੁੱਜ ਗਿਆ ਹੈ। ਭਾਰਤ ਸ਼ਨਿੱਚਰਵਾਰ ਨੂੰ ਆਪਣਾ ਅਗਲਾ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਅਹਿਮਦਾਬਾਦ ‘ਚ ਖੇਡੇਗਾ।