ਐਨ. ਆਈ. ਟੀ. ਟੀ. ਕਾਲਿਜ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ

                                                               ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ ਨੇ ਕਾਲਿਜ ਨੂੰ ਅੱਵਲ ਦਰਜ਼ਾ ਐਲਾਨਿਆ
ਆਕਲੈਂਡ – ‘ਨਿਊਜ਼ੀਲੈਂਡ ਇੰਸਟੀਚਿਊਟ ਆਫ਼ ਟੈਕਨੀਕਲ ਟ੍ਰੇਨਿੰਗ’ ਜੋ ਕਿ ਸਿੱਖਿਆ ਵਿਭਾਗ ਦੀ ਇਕਾਈ ‘ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ’ ਤੋਂ ਮੰਜ਼ੂਰਸ਼ੁਦਾ ਹੈ, ਨੇ ਬੀਤੇ ਦਿਨੀਂ ਦੂਸਰਾ ਸਲਾਨਾ ਡਿਗਰੀ ਵੰਡ ਸਮਾਰੋਹ ਕੀਤਾ। ਇਸ ਸਮਾਰੋਹ ਦੇ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਸ਼ਾਮਿਲ ਹੋਏ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਵਿਚ ਮਿਲਦੇ ਬਰਾਬਰ ਮੌਕਿਆਂ ਬਾਰੇ ਸਰਕਾਰੀ ਨੀਤੀਆਂ ਬਾਰੇ ਦੱਸਿਆ। ਕਾਲਿਜ ਦੇ ਸੀ.ਈ.ਓ ਸ੍ਰੀ ਗੁਰਦੀਪ ਢਿੱਲੋਂ ਜੋ ਕਿ ਆਸਟਰੇਲੀਆ ਤੋਂ ਖਾਸ ਤੌਰ ‘ਤੇ ਪਹੁੰਚੇ ਸਨ ਨੇ ਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਦੇ 21 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ। ਕਾਲਿਜ ਦੇ ਐਮ. ਡੀ. ਸ. ਕੁਲਬੀਰ ਸਿੰਘ ਨੇ ਇਸ ਖੁਸ਼ੀ ਭਰੇ ਮੌਕੇ ਪਹਿਲਾਂ ਆਏ ਸਾਰੇ ਮਹਿਮਾਨਾਂ, ਵਿਦਿਆਰਥੀਆਂ, ਨਜ਼ਦੀਕੀ ਰਿਸ਼ਤੇਦਾਰਾਂ, ਮਿੱਤਰਾਂ ਦੋਸਤਾਂ ਅਤੇ ਭਾਈਚਾਰੇ ਤੋਂ ਪਹੁੰਚੇ ਪਤਵੰਤੇ ਸੱਜਣ ਨੂੰ ‘ਜੀ ਆਇਆਂ’ ਆਖਿਆ। ਉਨ੍ਹਾਂ ਆਪਣੇ ਸੰਖੇਪ ਭਾਸ਼ਣ ਵਿਚ ਇਕ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਇਸੇ ਸਾਲ ਮਾਰਚ ਮਹੀਨੇ ਹੋਈ ‘ਐਕਸਟਰਨਲ ਈਵੈਲੂਏਸ਼ਨ ਰਿਵਿਊ’ ਦੀ ਤਾਜ਼ਾ ਰਿਪੋਰਟ ਦੇ ਵਿਚ ਇਸ ਕਾਲਿਜ ਨੂੰ ‘ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ’ ਵੱਲੋਂ ਅੱਵਲ ਦਰਜਾ ਸ਼੍ਰੇਣੀ (ਕੈਟਾਗਿਰੀ-1) ਵਿਚ ਐਲਾਨਿਆ ਗਿਆ ਹੈ। ਉਨ੍ਹਾਂ ਇਸ ਵੱਡੀ ਪ੍ਰਾਪਤੀ ਦੇ ਲਈ ਸਹਿਯੋਗ ਦੇਣ ਲਈ ਕਾਲਿਜ ਦੇ ਸਟਾਫ, ਅਡਵਾਈਜ਼ਰੀ ਕਮੇਟੀ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਧੰਨਵਾਦ ਕੀਤਾ । ਹੁਣ ਇਹ ਕਾਲਿਜ ਨਿਊਜ਼ੀਲੈਂਡ ਮਨਿਸਟਰੀ ਆਫ਼ ਐਜੂਕੇਸ਼ਨ ਤੋਂ ਵੀ ਮਾਨਤਾ ਪ੍ਰਾਪਤ ਹੈ। ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਗੀਤ-ਸੰਗੀਤ ਅਤੇ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿਚ ਵਿਦਿਆਰਥੀਆਂ ਨੇ ਨੱਚ ਗਾ ਕੇ ਖੁਸ਼ੀ ਮਨਾਈ।