ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 103 ਨਵੇਂ ਕੇਸ ਆਏ

ਵੈਲਿੰਗਟਨ, 9 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 103 ਹੋਰ ਨਵੇਂ ਕੇਸ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 103 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 88 ਕੇਸ, 9 ਕੇਸ ਵਾਇਕਾਟੋ ‘ਚ, 5 ਕੇਸ ਬੇਅ ਆਫ਼ ਪਲੇਨਟੀ ‘ਚ ਅਤੇ 1 ਕੇਸ ਲੇਕਸ ‘ਚ ਹੈ।
ਅੱਜ ਦੇ ਨਵੇਂ 103 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,462 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 70 ਮਰੀਜ਼ ਹਨ ਅਤੇ ਇਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਸਾਰੇ ਮਰੀਜ਼ ਆਕਲੈਂਡ ਤੇ ਵਾਇਕਾਟੋ ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 37 ਕੇਸ ਜਾਂ 61% ਟੀਕਾਕਰਣ ਨਹੀਂ ਕੀਤੇ ਗਏ ਹਨ ਜਾਂ ਵੈਕਸੀਨ ਲਈ ਯੋਗ ਨਹੀਂ ਹਨ।
ਪੂਰੇ ਆਕਲੈਂਡ ਵਿੱਚ 3100 ਤੋਂ ਵੱਧ ਲੋਕ ਘਰਾਂ ਵਿੱਚ ਆਈਸੋਲੇਟ ਹਨ, ਜਿਨ੍ਹਾਂ ਵਿੱਚ 863 ਕੇਸ ਸ਼ਾਮਲ ਹਨ। ਅੱਜ ਤੱਕ 94% ਯੋਗ ਲੋਕਾਂ ਨੇ ਵੈਕਸੀਨ ਦੀ ਆਪਣੀ ਪਹਿਲੀ ਖ਼ੁਰਾਕ ਲਈ ਹੈ ਅਤੇ 88% ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਹਨ। ਕੱਲ੍ਹ ਲਗਭਗ 23,000 ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ ਸਨ, ਜਿਸ ਵਿੱਚ 675 ਤੀਜੀ ਪ੍ਰਾਇਮਰੀ ਖ਼ੁਰਾਕਾਂ ਅਤੇ 9,059 ਬੂਸਟਰ ਸ਼ਾਟਸ ਸ਼ਾਮਲ ਹਨ।
ਹੁਣ ਤੱਕ 4 ਮਿਲੀਅਨ ਤੋਂ ਵੱਧ ‘ਮਾਈ ਵੈਕਸੀਨ ਪਾਸ’ ਡਾਊਨਲੋਡ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਵਿੱਚ 71,000 ਤੋਂ ਵੱਧ ਡਾਊਨਲੋਡ ਕੀਤੇ ਗਏ ਹਨ।
ਹਾਈ ਰਿਸਕ ਈਵੈਂਟ: ਆਕਲੈਂਡ ਦੇ ਡਾਊਨਟਾਊਨ ਵਿੱਚ ਇੱਕ ਪ੍ਰਸਿੱਧ ਮੇਕ-ਅੱਪ ਦੀ ਦੁਕਾਨ ਨੂੰ ਦਿਲਚਸਪੀ ਵਾਲੇ ਉੱਚ-ਜੋਖ਼ਮ ਵਾਲੇ ਸਥਾਨ ਵਜੋਂ ਪਛਾਣਿਆ ਗਿਆ ਹੈ, ਉੱਥੇ ਮੌਜੂਦ ਲੋਕਾਂ ਨੂੰ ਤੁਰੰਤ ਸੈਲਫ਼-ਆਈਸੋਲੇਸ਼ਨ ਹੋਣ ਲਈ ਕਿਹਾ ਗਿਆ ਹੈ। ਕੋਈ ਵੀ ਵਿਅਕਤੀ ਜੋ ਪਿਛਲੇ ਵੀਰਵਾਰ, 2 ਦਸੰਬਰ ਨੂੰ ਸੇਫੋਰਾ ਕਵੀਨ ਸੇਂਟ, 152 ਕਵੀਨ ਸਟ੍ਰੀਟ ਵਿਖੇ ਸੀ, ਉਨ੍ਹਾਂ ਨੂੰ ਸੈਲਫ਼-ਆਈਸੋਲੇਸ਼ਨ ‘ਚ ਰਹਿਣ ਅਤੇ ਤੁਰੰਤ ਕੋਵਿਡ ਟੈੱਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਟੋਰ ਉਸ ਦਿਨ ਸਵੇਰੇ 10.17 ਵਜੇ ਤੋਂ ਦੁਪਹਿਰ 2.15 ਵਜੇ ਦੇ ਵਿਚਕਾਰ ਇੱਕ ਕੋਵਿਡ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ।