ਭਾਰਤ ਸਰਕਾਰ ਵੱਲੋਂ ਐੱਸਕੇਐੱਮ ਨੂੰ ਮਿਲੇ ਪੱਤਰ ਤੋਂ ਬਾਅਦ ਮੋਰਚੇ ਵੱਲੋਂ ਅੰਦੋਲਨ ਮੁਲਤਵੀ ਕਰਨ ਦੇ ਨਾਲ 11 ਦਸੰਬਰ ਨੂੰ ਦਿੱਲੀ ਬਾਰਡਰ ਖ਼ਾਲੀ ਕਰਨ ਦਾ ਐਲਾਨ

ਨਵੀਂ ਦਿੱਲੀ, 9 ਦਸੰਬਰ – ਭਾਰਤ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਨੂੰ ਮੰਗਾਂ ਮੰਨਣ ਸਬੰਧੀ ਅਧਿਕਾਰਤ ਪੱਤਰ ਭੇਜਿਆ ਗਿਆ, ਉਸ ਤੋਂ ਬਾਅਦ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਮੁਲਤਵੀ ਕਰਕੇ ਦਿੱਲੀ ਬਾਰਡਰਾਂ ਨੂੰ 11 ਦਸੰਬਰ ਤੋਂ ਖ਼ਾਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਸ ਦਿਨ ਕਿਸਾਨ ਜੇਤੂ ਮਾਰਚ ਕਰਦੇ ਹੋਏ ਘਰਾਂ ਨੂੰ ਵਾਪਸੀ ਪਰਤਣਗੇ। ਸਰਕਾਰ ਵੱਲੋਂ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਐੱਮਐੱਸਪੀ ਦੇਣਾ ਯਕੀਨੀ ਬਣਾਉਣ ਸੰਬੰਧੀ ਕਮੇਟੀ ਬਣਾਈ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਦਿੱਲੀ, ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲਏ ਜਾਣਗੇ। ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਹਰਿਆਣਾ ਤੇ ਯੂਪੀ ਸਰਕਾਰਾਂ ਨੇ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਬਿਜਲੀ ਬਿਲ ਐੱਸਕੇਐੱਮ ਦੇ ਆਗੂਆਂ ਨਾਲ ਗੱਲਬਾਤ ਕਰਕੇ ਹੀ ਪੇਸ਼ ਕੀਤਾ ਜਾਵੇਗਾ ਤੇ ਆਗੂਆਂ ਨਾਲ ਕਿਸਾਨਾਂ ‘ਤੇ ਬਿੱਲ ਕਾਰਨ ਪੈਂਦੇ ਪ੍ਰਭਾਵ ਸਬੰਧ ਚਰਚਾ ਕੀਤੀ ਜਾਵੇਗੀ। ਪਰਾਲੀ ਸਾੜਨ ਦੇ ਮਾਮਲੇ ‘ਚ ਕਿਸਾਨਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਧਾਰਾ ਹਟਾ ਦਿੱਤੀ ਗਈ ਹੈ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਐੇੱਸਕੇਐੱਮ ਦੀ ਅਗਲੀ ਮੀਟਿੰਗ ਅਗਲੇ ਸਾਲ ਦੀ 15 ਜਨਵਰੀ ਨੂੰ ਹੋਵੇਗੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇ 15 ਜਨਵਰੀ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਉਨ੍ਹਾਂ ਪ੍ਰਦਰਸ਼ਨ ਕਾਰਣ ਲੋਕਾਂ ਨੂੰ ਹੋਈ ਮੁਸ਼ਕਲ ਲਈ ਮੁਆਫ਼ੀ ਮੰਗੀ ਹੈ।