ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 126 ਹੋਰ ਨਵੇਂ ਕੇਸ ਆਏ

ਵੈਲਿੰਗਟਨ, 2 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 126 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਭਰ ਵਿੱਚ 88% ਯੋਗ ਆਬਾਦੀ ਨੂੰ ਹੁਣ ਪਹਿਲਾ ਟੀਕਾ ਲੱਗ ਚੁੱਕਾ ਹੈ। ਹੈਮਿਲਟਨ ਸਮੇਤ ਵਾਇਕਾਟੋ ਅੱਜ ਰਾਤ 11.59 ਵਜੇ ਤੋਂ ਅਲਰਟ ਲੈਵਲ 3.2 ‘ਤੇ ਜਾਏਗਾ। ਜਦੋਂ ਕਿ ਆਕਲੈਂਡ ਅਗਲੇ ਮੰਗਲਵਾਰ ਰਾਤ 11.59 ਵਜੇ ਤੋਂ ਅਲਰਟ ਲੈਵਲ 3.2 ‘ਤੇ ਜਾਏਗਾ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 126 ਕੇਸਾਂ ‘ਚ ਆਕਲੈਂਡ ‘ਚੋਂ 107 ਕੇਸ, ਵਾਇਕਾਟੋ ‘ਚੋਂ 18 ਕੇਸ, ਨੌਰਥਲੈਂਡ ‘ਚੋਂ 1 ਕੇਸ ਆਇਆ ਹੈ। ਅੱਜ ਦੇ ਇਨ੍ਹਾਂ ਕੇਸਾਂ ਵਿੱਚੋਂ 59 ਕੇਸ ਲਿੰਕ ਹਨ, ਜਦੋਂ ਕਿ 67 ਨਵੇਂ ਕੇਸ ਅਣਲਿੰਕ ਤੇ ਅੰਡਰ ਇੰਨਵੈਸਟੀਗੇਸ਼ਨ ‘ਚ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 3,636 ਹੋ ਗਈ ਹੈ। ਹਸਪਤਾਲ ਵਿੱਚ 49 ਮਰੀਜ਼ ਹਨ ਜਿਨ੍ਹਾਂ ਵਿੱਚੋਂ 3 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 17 ਨੌਰਥ ਸ਼ੋਰ ਹਸਪਤਾਲ, 12 ਮਿਡਲਮੋਰ ਹਸਪਤਾਲ ਅਤੇ 19 ਆਕਲੈਂਡ ਸਿਟੀ ਹਸਪਤਾਲ ਵਿੱਚ ਅਤੇ 1 ਵਾਇਕਾਟੋ ਹਸਪਤਾਲ ਵਿੱਚ ਹੈ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 47 ਸਾਲ ਹੈ।
ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਵਿੱਚ ਕਰੀਬ 18,032 ਟੈੱਸਟ ਕੀਤੇ ਗਏ। ਜਦੋਂ ਕਿ ਕੱਲ੍ਹ ਦੇਸ਼ ਭਰ ‘ਚ 27,473 ਲੋਕਾਂ ਨੂੰ ਟੀਕੇ ਲਗਾਏ ਗਏ। ਜਿਸ ਵਿੱਚ 7,187 ਨੂੰ ਪਹਿਲਾ ਟੀਕਾ ਅਤੇ 20,286 ਨੂੰ ਦੂਜਾ ਟੀਕਾ ਲਗਾਇਆ ਗਿਆ। ਕੁੱਲ ਮਿਲਾ ਕੇ ਹੁਣ ਤੱਕ ਦੇਸ਼ ਭਰ ਵਿੱਚ 6,896,557 ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ, ਜਿਸ ਵਿੱਚ 3,716,740 ਨੂੰ ਪਹਿਲਾ ਟੀਕਾ (88%) ਅਤੇ 3,179,817 ਲੋਕਾਂ ਨੂੰ ਦੂਜਾ ਟੀਕਾ (76%) ਲਗਾਇਆ ਗਿਆ ਹੈ।