ਟੀ-20 ਵਰਲਡ ਕੱਪ: ਭਾਰਤ ਨੇ ਸਕਾਟਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਦੁਬਈ, 5 ਨਵੰਬਰ – ਭਾਰਤ ਨੇ ਇੱਥੇ ਖੇਡੇ ਜਾ ਰਹੇ ਆਈਸੀਸੀ ਟੀ-20 ਵਰਲਡ ਕੱਪ ਦੇ ਸੁਪਰ ਗੇੜ 12 ਦੇ ਪੁਲ ‘ਬੀ’ ਦੇ ਮੁਕਾਬਲੇ ਵਿੱਚ ਪਹਿਲਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਮਗਰੋਂ ਦੋਵਾਂ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੀ ਬੱਲੇਬਾਜ਼ੀ ਸਦਕਾ ਸਕਾਟਲੈਂਡ ਦੀ ਟੀਮ ਨੂੰ 85 ਦੌੜਾਂ ‘ਤੇ ਆਊਟ ਕਰਨ ਮਗਰੋਂ ਜੇਤੂ ਟੀਚਾ 6.3 ਓਵਰਾਂ ਵਿੱਚ ਪੂਰਾ ਕਰ ਲਿਆ। ਲੋਕੇਸ਼ ਰਾਹੁਲ ਨੇ 19 ਗੇਂਦਾਂ ਵਿੱਚ ਨਾਬਾਦ ਨੀਮ ਸੈਂਕੜਾ ਤੇ ਰੋਹਿਤ ਸ਼ਰਮਾ ਨੇ 16 ਗੇਂਦਾਂ ‘ਤੇ 30 ਦੌੜਾਂ ਬਣਾਈਆਂ।
ਇਸ ਜਿੱਤ ਨਾਲ ਭਾਰਤ ਦੀ ਨੈੱਟ ਦੌੜ ਔਸਤ +1.619 ਹੋ ਗਈ ਹੈ, ਜੋ ਗਰੁੱਪ 2 ਵਿੱਚ ਸਭ ਤੋਂ ਵੱਧ ਹੈ। ਬੁਮਰਾਹ ਤੇ ਜਡੇਜਾ ਨੇ 2-2 ਜਦੋਂ ਕਿ ਅਸ਼ਵਿਨ ਤੇ ਮੁਹੰਮਦ ਸ਼ਾਮੀ ਨੇ ਕ੍ਰਮਵਾਰ 1 ਤੇ 3 ਵਿਕਟਾਂ ਲਈਆਂ।
ਭਾਰਤ ਨੇ ਟਾਸ ਜਿੱਤ ਕੇ ਸਕਾਟਲੈਂਡ ਨੂੰ ਪਹਿਲਾਂ ਖੇਡਣ ਦਾ ਸੱਦਾ ਦਿੱਤਾ ਸੀ। ਭਾਰਤ ਦੀਆਂ ਸੈਮੀ ਫਾਈਨਲ ਵਿੱਚ ਦਾਖ਼ਲ ਹੋਣ ਦੀਆਂ ਆਸਾਂ ਭਾਵੇਂ ਮੱਧਮ ਹਨ, ਪਰ ਟੀਮ ਨੂੰ ਇਸ ਦੌੜ ‘ਚ ਬਣੇ ਰਹਿਣ ਲਈ ਨਿਊਜ਼ੀਲੈਂਡ ਦੇ ਅਫ਼ਗ਼ਾਨਿਸਤਾਨ ਹੱਥੋਂ ਵੱਡੀ ਲੀਡ ਨਾਲ ਹਾਰਨ ਤੇ ਨਾਮੀਬੀਆ ਖ਼ਿਲਾਫ਼ ਆਪਣੇ ਆਖ਼ਰੀ ਮੁਕਾਬਲੇ ‘ਚ ਵੱਡੀ ਜਿੱਤ ਦੀ ਕਾਮਨਾ ਕਰਨੀ ਹੋਵੇਗੀ।