‘ਦੂਜੀਆਂ ਐਨਜ਼ੈੱਡ ਸਿੱਖ ਖੇਡਾਂ’ ਦਾ ਉਦਘਾਟਨ ਹੋਇਆ

ਆਕਲੈਂਡ, 28 ਨਵੰਬਰ – ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਜੋ 28 ਅਤੇ 29 ਨਵੰਬਰ ਨੂੰ ਆਕਲੈਂਡ ਦੇ ਬਰੂਸ ਪੁਲਮਨ ਪਾਰਕ ਟਾਕਾਨੀਕੀ ਦੇ ਖੇਡ ਮੈਦਾਨ ਵਿਖੇ ਹੋ ਰਹੀਆਂ ਹਨ। ਉਦਘਾਟਨੀ ਸਮਾਰੋਹ ਵਿੱਚ ਰੀਬਨ ਕੱਟਣ ਦੀ ਰਸਮੀ ਨੈਸ਼ਨਲ ਪਾਰਟੀ ਲੀਡਰ ਤੇ ਪਾਪਾਕੁਰਾ ਤੋਂ ਮੈਂਬਰ ਪਾਰਲੀਮੈਂਟ ਜੂਠਿਤ ਕੌਲਿਨਜ਼ ਨੇ ਨਿਭਾਈ। ਉਨ੍ਹਾਂ ਦੇ ਨਾਲ ਸਟੇਜ ਉੱਤੇ ਹਾਈ ਕਮਿਸ਼ਨ ਆਫ਼ ਇੰਡੀਆ ਸ੍ਰੀ ਮੁਕਤੇਜ ਪ੍ਰਦੇਸ਼ੀ, ਟਾਕਾਨੀਕੀ ਹਲਕੇ ਦੇ ਮੈਂਬਰ ਪਾਰਲੀਮੈਂਟ ਡਾ. ਨੀਰੂ ਲਵੀਸਾ, ਬੌਟਨੀ ਤੋਂ ਮੈਂਬਰ ਪਾਰਲੀਮੈਂਟ ਕ੍ਰਿਸਟੋਫਰ ਲਕਸ਼ਨ, ਭਾਰਤ ਦੇ ਆਨਰੇਰੀ ਕੌਂਸਲ ਭਵਦੀਪ ਸਿੰਘ ਢਿੱਲੋਂ, ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਡਾ. ਪਰਮਜੀਤ ਪਰਮਾਰ, ਕਮਿਊਨਿਟੀ ਤੋਂ ਸ. ਪ੍ਰਿਥੀਪਾਲ ਸਿੰਘ ਬਸਰਾ ਤੇ ਹੋਰ ਪਤਵੰਤੇ ਸਜਣ ਮੌਜੂਦ ਸਨ।
ਦੂਜੀਆਂ ਸਿੱਖ ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਸ਼ਬਦ ਕੀਰਤਨ ਕੀਤਾ ਗਿਆ ਤੇ ਸਿੱਖ ਮਾਰਸ਼ਲ ਆਰਟ ਦੇ ਬੱਚਿਆਂ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ। ਉਸ ਤੋਂ ਬਾਅਦ ਨਿਊਜ਼ੀਲੈਂਡ ਅਤੇ ਭਾਰਤ ਦੇ ਰਾਸ਼ਟਰੀ ਗੀਤ ਵਜਾਏ ਗਏ ਅਤੇ ਕੌਮੀ ਝੰਡੇ ਲਹਿਰਾਏ ਗਏ। ਵੱਖ-ਵੱਖ ਕਲੱਬਾਂ ਵੱਲੋਂ ਖੇਡਾਂ ਦੀ ਪਰੇਡ ਵਿੱਚ ਹਿੱਸਾ ਲਿਆ ਗਿਆ। ਦੂਜੀਆਂ ਸਿੱਖਾਂ ਖੇਡਾਂ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਤੇ ਅਧਾਰਿਤ ਫ਼ੋਟੋ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਜੂਠਿਤ ਕੌਲਿਨਜ਼ ਅਤੇ ਹਾਈ ਕਮਿਸ਼ਨ ਆਫ਼ ਇੰਡੀਆ ਸ੍ਰੀ ਮੁਕਤੇਜ ਪ੍ਰਦੇਸ਼ੀ ਨੇ ਸਾਂਝੇ ਤੌਰ ‘ਤੇ ਕੀਤਾ। ਵੱਖ-ਵੱਖ ਖੇਡ ਮੈਦਾਨਾਂ ਵਿੱਚ ਖੇਡਾਂ ਜਾਰੀ ਹਨ, ਜਿਨ੍ਹਾਂ ‘ਚੋਂ ਕਈਆਂ ਦੇ ਫਾਈਨਲ ਮੁਕਾਬਲੇ ਖੇਡਾਂ ਦੇ ਆਖ਼ਰੀ ਯਾਨੀ ਕੱਲ੍ਹ 29 ਨਵੰਬਰ ਦਿਨ ਐਤਵਾਰ ਨੂੰ ਹੋਣਗੇ।