ਨਿਊਜ਼ੀਲੈਂਡ ਨਿਵਾਸੀਆਂ ਵਲੋਂ ਇੰਡੀਆ ਵਿੱਚ ਔਰਤਾਂ ‘ਤੇ ਢਾਹੇ ਜਾਦੇ ਕਹਿਰ ਲਈ ਮਾਰਿਆ ਹਾਅ ਦਾ ਨਾਹਰਾ

ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆ) – ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਵਾਪਰੀ ਦਰਦਨਾਕ ਘਟਨਾ ਨਾਲ ਜਿੱਥੇ ਦੇਸ਼ ਵਾਸੀਆ ਦੇ ਹਿਰਦੇ ਵਲੂੰਧਰੇ, ਉੱਥੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਦਰਦ ਨਾਲ ਵਿਲਕ ਉੱਠੇ। ਆਪਣੇ ਜਜ਼ਬਾਤਾਂ ਤੇ ਮਨਾਂ ਵਿੱਚ ਉੱਠੇ ਰੋਸ ਵਜੋਂ ਇੱਕ ਮੰਗ ਪੱਤਰ ਤਿਆਰ ਕਰਕੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਪਾਸੋਂ ਬੇਕਸੂਰ ਤੇ ਬੇਬਸ ਲੜਕੀ ਤੇ ਹੋਏ ਤਸ਼ੱਦਤ ਦੇ ਦੋਸ਼ੀਆਂ ਲਈ ਸਖ਼ਤ ਤੋਂ ਸਖ਼ਤ ਸਜਾ ਦੀ ਮੰਗ ਕੀਤੀ ਗਈ। ਇਸ ਮੰਗ ਪੱਤਰ ਦੀ ਇੱਕ ਕਾਪੀ ਲੋਕ ਸਮਾਜ ਭਲਾਈ ਪਾਰਟੀ ਦੀ ਲੀਡਰ ਕਿਰਨ ਬੇਦੀ ਨੂੰ ਵੀ ਭੇਜੀ ਗਈ ਹੈ। ਭਾਰਤ ਵਿੱਚ ਔਰਤਾਂ ‘ਤੇ ਹੋ ਰਹੇ ਜੁਲਮ ਨੂੰ ਰੋਕਣ ਤੇ ਮ੍ਰਿਤਕ ਲੜਕੀ ਦੇ ਦੋਸ਼ੀਆਂ ਨੂੰ ਸਖ਼ਤ ਸਜਾ ਵਾਲੇ ਮੰਗ ਪੱਤਰ ‘ਤੇ ਬੇਆਫ਼ ਪਲੈਂਟੀ ਤੋਂ ੪੫੦ ਦੇ ਕਰੀਬ ਲੋਕਾ ਨੇ ਦਸਤਖ਼ਤ ਕੀਤੇ। ਇਹ ਮੰਗ ਪੱਤਰ ਸਮਾਜ ਸੇਵਕ ਤੇ ਨਿਊਜ਼ੀਲੈਂਡ ਲੇਬਰ ਪਾਰਟੀ ਦੇ ਪਾਪਾਮੋਆ ਤੋਂ ਕਾਰਜਕਾਰੀ ਮੈਂਬਰ ਸ. ਮਹਿੰਦਰ ਸਿੰਘ ਬੋਪਾਰਾਏ ਵਲੋਂ ਤਿਆਰ ਕਰਕੇ ਆਕਲੈਂਡ ਤੋਂ ਸਮਾਜ ਭਲਾਈ ਪਾਰਟੀ ਦੀ ਲੀਡਰ ਜੀਤ ਕੌਰ ਦੇ ਸਹਿਯੋਗ ਨਾਲ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਤੇ ਕਿਰਨ ਬੇਦੀ ਨੂੰ ਭੇਜੇ ਗਏ।
ਫੋਟੋ – ਸ. ਮਹਿੰਦਰ ਸਿੰਘ ਬੋਪਾਰਾਏ ਮੰਗ ਪੱਤਰ ‘ਤੇ ਪੱਤਰਕਾਰ ਸੌਦਾਗਰ ਸਿੰਘ ਬਾੜੀਆਂ ਤੋਂ ਦਸਤਖ਼ਤ ਕਰਵਾਉਂਦੇ ਹੋਏ।