ਨਿਊਜ਼ੀਲੈਂਡ ‘ਚ ਹੋਣ ਵਾਲੇ ਮਹਿਲਾ ਵੰਨ-ਡੇਅ ਵਰਲਡ ਕੱਪ 2022 ਦੇ ਪ੍ਰੋਗਰਾਮਾਂ ਦਾ ਐਲਾਨ

Women’s Cricket World Cup Schedule Announcement, Hagley Oval, Christchurch, New Zealand. Tuesday 15 December 2020. © Copyright photo: Martin Hunter/ www.photosport.nz

ਦੁਬਈ, 21 ਦਸੰਬਰ – ਇੱਥੇ 15 ਦਸੰਬਰ ਦਿਨ ਮੰਗਲਵਾਰ ਨੂੰ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਨੇ ਨਿਊਜ਼ੀਲੈਂਡ ‘ਚ ਸਾਲ 2022 ਵਿੱਚ ਹੋਣ ਵਾਲੇ ‘ਮਹਿਲਾ ਵਰਲਡ ਕੱਪ’ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ। ਇਸ ਵੰਨ-ਡੇਅ ਵਰਲਡ ਕੱਪ ਵਿੱਚ 4 ਮਾਰਚ ਤੋਂ 3 ਅਪ੍ਰੈਲ 2022 ਤੱਕ 31 ਮੈਚ 31 ਦਿਨਾਂ ਵਿੱਚ ਖੇਡੇ ਜਾਣਗੇ, ਜੋ ਨਿਊਜ਼ੀਲੈਂਡ ਦੇ 6 ਸ਼ਹਿਰਾਂ ਆਕਲੈਂਡ, ਹੈਮਿਲਟਨ, ਟੌਰੰਗਾ, ਵੈਲਿੰਗਟਨ, ਕ੍ਰਾਈਸਟਚਰਚ ਅਤੇ ਡੂਨੇਡਿਨ ਵਿਖੇ ਹੋਣਗੇ। ਵਰਲਡ ਕੱਪ ਦੇ ਵਿੱਚ 8 ਟੀਮਾਂ ਭਾਗ ਲੈਣਗੀਆਂ ਅਤੇ ਜੋ ਰਾਊਂਡ ਰੌਬਿਨ ਫਾਰਮੈਟ ਦੇ ਅਧਾਰ ‘ਤੇ ਮੈਚ ਖੇਡਣਗੀਆਂ, ਜਿਸ ‘ਚ ਹਰ ਟੀਮ ਇੱਕ ਦੂਜੇ ਨਾਲ ਖੇਡੇਗੀ। ਹਰ ਟੀਮ ਗਰੁੱਪ ਪੜਾਅ ਵਿੱਚ 7 ਮੈਚ ਖੇਡੇਗੀ ਅਤੇ ਇਨ੍ਹਾਂ ਵਿੱਚੋਂ ਉਹ 3 ਮੈਚ ਟੀਮ (ਹੈਮਿਲਟਨ) ਦੇ ਖ਼ਿਲਾਫ਼ ਖੇਡੇਗੀ। ਗਰੁੱਪ ਪੜਾਅ ਦੀਆਂ ਪਹਿਲੀਆਂ 4 ਟੀਮਾਂ ਸੈਮੀ-ਫਾਈਨਲ ਅਤੇ ਟੌਪ ਦੀਆਂ 2 ਟੀਮਾਂ ਫਾਈਨਲ ‘ਚ ਖ਼ਿਤਾਬ ਲਈ ਭਿੜਣਗੀਆਂ।
ਮੇਜ਼ਬਾਨ ਨਿਊਜ਼ੀਲੈਂਡ 4 ਮਾਰਚ 2022 ਨੂੰ ਆਪਣੇ ਵਰਲਡ ਕੱਪ ਮੈਚਾਂ ਦੇ ਅਭਿਆਨ ਦੀ ਸ਼ੁਰੂਆਤ ਟੌਰੰਗਾ ਦੇ ਬੇਅ ਓਵਲ ਗਰਾਊਂਡ ਵਿਖੇ ਉਦਘਾਟਨੀ ਮੈਚ ਕਵਾਲਿਫ਼ਾਇਰ ਟੀਮ ਨਾਲ ਖੇਡ ਕੇ ਕਰੇਗਾ। ਉਸ ਤੋਂ ਬਾਅਦ 7 ਮਾਰਚ ਨੂੰ ਕਵਾਲਿਫ਼ਾਇਰ (ਡੂਨੇਡਿਨ) ਨਾਲ, 10 ਮਾਰਚ ਨੂੰ ਭਾਰਤ (ਹੈਮਿਲਟਨ) ਨਾਲ, 13 ਮਾਰਚ ਨੂੰ ਆਸਟਰੇਲੀਆ (ਵੈਲਿੰਗਟਨ) ਨਾਲ, 17 ਮਾਰਚ ਨੂੰ ਦੱਖਣੀ ਅਫ਼ਰੀਕਾ (ਹੈਮਿਲਟਨ) ਨਾਲ, 20 ਮਾਰਚ ਨੂੰ ਇੰਗਲੈਂਡ (ਆਕਲੈਂਡ) ਨਾਲ ਅਤੇ 26 ਮਾਰਚ ਨੂੰ ਕਵਾਲਿਫ਼ਾਇਰ (ਕ੍ਰਾਈਸਟਚਰਚ) ਨਾਲ ਆਖ਼ਰੀ ਲੀਗ ਮੈਚ ਖੇਡੇਗੀ।
ਜਦੋਂ ਕਿ ਭਾਰਤੀ ਮਹਿਲਾ ਟੀਮ ਆਪਣਾ ਪਹਿਲਾ ਮੈਚ ਟੌਰੰਗਾ ਦੇ ਬੇਅ ਓਵਲ ਗਰਾਊਂਡ ‘ਤੇ 6 ਮਾਰਚ ਨੂੰ ਕਵਾਲਿਫ਼ਾਇਰ ਟੀਮ ਨਾਲ ਖੇਡ ਕੇ ਕਰੇਗਾ। ਉਸ ਤੋਂ ਬਾਅਦ ਭਾਰਤੀ ਟੀਮ 10 ਮਾਰਚ ਨੂੰ ਨਿਊਜ਼ੀਲੈਂਡ (ਹੈਮਿਲਟਨ) ਨਾਲ, 12 ਮਾਰਚ ਨੂੰ ਕਵਾਲਿਫ਼ਾਇਰ (ਹੈਮਿਲਟਨ) ਨਾਲ, 16 ਮਾਰਚ ਨੂੰ ਇੰਗਲੈਂਡ (ਟੌਰੰਗਾ) ਨਾਲ, 19 ਮਾਰਚ ਨੂੰ ਆਸਟਰੇਲੀਆ (ਆਕਲੈਂਡ) ਨਾਲ, 22 ਮਾਰਚ ਨੂੰ ਕਵਾਲਿਫ਼ਾਇਰ (ਹੈਮਿਲਟਨ) ਨਾਲ ਅਤੇ 27 ਮਾਰਚ ਨੂੰ ਦੱਖਣੀ ਅਫ਼ਰੀਕਾ (ਕ੍ਰਾਈਸਟਚਰਚ) ਨਾਲ ਆਖ਼ਰੀ ਲੀਗ ਮੈਚ ਖੇਡੇਗੀ।
ਜ਼ਿਕਰਯੋਗ ਹੈ ਕਿ ਮਾਰਚ 2020 ਵਿੱਚ ਅਸਟਰੇਲੀਆ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਦੇ ਬਾਅਦ ਖੇਡਿਆ ਜਾਣ ਵਾਲਾ ਪਹਿਲਾ ਸੰਸਾਰਿਕ ਮਹਿਲਾ ਕ੍ਰਿਕੇਟ ਪ੍ਰੋਗਰਾਮ ਹੋਵੇਗਾ। ਇਸ ਟੂਰਨਾਮੈਂਟ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੀ ਵਜ੍ਹਾ ਤੋਂ ਕ੍ਰਿਕੇਟ ਜਗਤ ਵਿੱਚ ਹੋਏ ਬਦਲਾਓ ਦੇ ਬਾਅਦ ਫਰਵਰੀ-ਮਾਰਚ 2021 ਤੋਂ ਮੁਲਤਵੀ ਕਰ ਦਿੱਤਾ ਗਿਆ ਸੀ।
ਆਈਸੀਸੀ ਦੇ ਸੀਈਓ ਮਨੂੰ ਸਾਹਨੀ ਨੇ ਕਿਹਾ ਕਿ ਆਈਸੀਸੀ ਨੇ ਮਹਿਲਾ ਕ੍ਰਿਕੇਟ ਨੂੰ ਲਗਾਤਾਰ ਬੜ੍ਹਾਵਾ ਦੇਣ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਆਈਸੀਸੀ ਟੂਰਨਾਮੈਂਟਾਂ ਦੀ ਇਨਾਮ ਰਾਸ਼ੀ ਨੂੰ ਵਧਾ ਕੇ ਅਸੀਂ ਕਾਫ਼ੀ ਚੰਗਾ ਕੰਮ ਕੀਤਾ ਹੈ। ਸਾਲ 2022 ਦੇ ਮਹਿਲਾ ਕ੍ਰਿਕੇਟ ਵਰਲਡ ਕੱਪ ਦੀ ਇਨਾਮ ਰਾਸ਼ੀ 5.5 ਮਿਲੀਅਨ ਨਿਊਜ਼ੀਲੈਂਡ ਡਾਲਰ (ਕਰੀਬ 29 ਕਰੋੜ ਰੁਪਏ) ਹੋਵਾਂਗੀਆਂ। ਇਹ 2017 ਦੇ ਮੁਕਾਬਲੇ 60 ਫ਼ੀਸਦੀ ਅਤੇ 2013 ਦੇ ਮੁਕਾਬਲੇ 1,000 ਫ਼ੀਸਦੀ ਦਾ ਵਾਧਾ ਹੈ।