ਫਾਈਜ਼ਰ ਵੱਲੋਂ 90% ਅਸਰਦਾਰ ਵੈਕਸੀਨ ਤਿਆਰ ਕਰਨ ਦਾ ਦਾਅਵਾ

ਨਿਊਯਾਰਕ, 10 ਨਵੰਬਰ – ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਵੈਕਸੀਨ ਅੰਕੜਿਆਂ ਤੋਂ ਇਹ ਸੰਕੇਤ ਮਿਲਿਆ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੋਵਿਡ-19 ਦਾ ਟੀਕਾ ਕੋਰੋਨਾਵਾਇਰਸ ਤੋਂ ਬਚਾਅ ਖ਼ਿਲਾਫ਼ 90% ਅਸਰਦਾਰ ਹੋ ਸਕਦਾ ਹੈ। ਫਾਈਜ਼ਰ ਨੇ ਇਸ਼ਾਰਾ ਕੀਤਾ ਕਿ ਉਹ ਇਸ ਟੀਕੇ ਦੀ ਹੰਗਾਮੀ ਹਾਲਾਤ ‘ਚ ਵਰਤੋਂ ਲਈ ਅਗਲੇ ਦਿਨਾਂ ਵਿੱਚ ਅਮਰੀਕੀ ਡਰੱਗ ਰੈਗੂਲੇਟਰ ਕੋਲ ਪਹੁੰਚ ਕਰ ਸਕਦੀ ਹੈ। ਇਕ ਨਿਰਪੱਖ ਅੰਕੜਾ ਮੋਨੀਟਰਿੰਗ ਬੋਰਡ ਵੱਲੋਂ ਕੀਤੀ ਅੰਤਰਿਮ ਸਮੀਖਿਆ ਮੁਤਾਬਿਕ ਅਮਰੀਕਾ ਤੇ ਪੰਜ ਹੋਰਨਾਂ ਮੁਲਕਾਂ ਵਿੱਚ ਟਰਾਇਲ ਦੌਰਾਨ 44 ਹਜ਼ਾਰ ਦੇ ਕਰੀਬ ਲੋਕਾਂ ਨੂੰ ਇਹ ਟੀਕਾ ਲਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 94 ਵਿੱਚ ਲਾਗ ਨਜ਼ਰ ਆਈ ਹੈ। ਫਾਈਜ਼ਰ ਇੰਕ ਨੇ ਭਾਵੇਂ ਇਨ੍ਹਾਂ ਕੇਸਾਂ ਬਾਰੇ ਬਹੁਤੀ ਤਫ਼ਸੀਲ ਨਹੀਂ ਦਿੱਤੀ ਤੇ ਚੇਤਾਵਨੀ ਦਿੱਤੀ ਹੈ ਕਿ ਸ਼ੁਰੂਆਤੀ ਬਚਾਅ ਦਰ, ਸਰਵੇਖਣ ਖ਼ਤਮ ਹੋਣ ਤੱਕ ਬਦਲ ਸਕਦੀ ਹੈ। ਫਾਈਜ਼ਰ ਦੇ ਕਲੀਨੀਕਲ ਡਿਵੈਲਪਮੈਂਟ ਬਾਰੇ ਸੀਨੀਅਰ ਉਪ ਪ੍ਰਧਾਨ ਡਾ. ਬਿੱਲ ਗ੍ਰਬਰ ਨੇ ਕਿਹਾ ਕਿ, ‘ਅਸੀਂ ਹੁਣ ਉਸ ਸਥਿਤੀ ਵਿੱਚ ਹਾਂ ਜਿੱਥੇ ਕੁੱਝ ਆਸ ਜਗਾਈ ਜਾ ਸਕਦੀ ਹੈ’। ਅਥਾਰਿਟੀਜ਼ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਇਸ ਸਾਲ ਦੇ ਅੰਤ ਤੱਕ ਟੀਕੇ ਦੇ ਆਉਣ ਦੀ ਸੰਭਾਵਨਾ ਘੱਟ ਹੈ।