ਫਿਲਮ ‘ਪਠਾਨ’ ਵਿਚਲੇ ਗੀਤ ‘ਚ ਦੀਪਿਕਾ ਦੀ ਭਗਵਾ ਪੁਸ਼ਾਕ ‘ਤੇ ਇਤਰਾਜ਼

ਮੁੰਬਈ, 16 ਦਸੰਬਰ – ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੂੰ ਲੈ ਕੇ ਵਿਵਾਦ ਲਗਾਤਾਰ ਵੱਧ ਦਾ ਜਾ ਰਿਹਾ ਹੈ। ਫਿਲਮ ਦਾ ਗੀਤ ‘ਬੇਸ਼ਰਮ ਰੰਗ’ 12 ਦਸੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਜਿੱਥੇ ਪ੍ਰਸੰਸਾ ਖੱਟ ਰਿਹਾ ਹੈ ਉੱਥੇ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ। ਗੀਤ ‘ਬੇਸ਼ਰਮ ਰੰਗ’ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਬਿਕਨੀ ਦੇ ਰੰਗ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਅਤੇ ਹੌਲੀ-ਹੌਲੀ ਫਿਲਮ ਨੂੰ ਲੈ ਕੇ ਬਾਈਕਾਟ ਦੀ ਹਵਾ ਤੇਜ਼ ਹੁੰਦੀ ਜਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਮੀਮਜ਼ ਵਾਇਰਲ ਹੋ ਰਹੇ ਹਨ। ਲੱਗਦਾ ਹੈ ਫਿਲਮ ‘ਪਠਾਨ’ ਨੂੰ ਲੈ ਕੇ ਵਿਵਾਦ ਹੋਰ ਵਧੇਗਾ।
ਅਦਾਕਾਰਾ ਦੀਪਿਕਾ ਪਾਦੂਕੋਣ ਵੱਲੋਂ ‘ਪਠਾਨ’ ਫਿਲਮ ਵਿਚਲੇ ਇੱਕ ਗੀਤ ਵਿੱਚ ਪਾਈ ਪੁਸ਼ਾਕ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਕਈਆਂ ਦਾ ਕਹਿਣਾ ਹੈ ਕਿ ਪਾਦੂਕੋਣ ਜੇਐਨਯੂ ਕੇਸ ਵਿੱਚ ਦਿਖਾਈ ਦੇਣ ਵਾਲੇ ‘ਟੁਕੜੇ ਟੁਕੜੇ ਗੈਂਗ’ ਦੀ ਸਮਰਥਕ ਹੈ। ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੇ ਪਹਿਲੇ ਗੀਤ ‘ਬੇਸ਼ਰਮ ਰੰਗ’ ‘ਚ ਦੀਪਿਕਾ ਪਾਦੂਕੋਣ ਦੀ ਬਿਕਨੀ ਨੇ ਖਲਬਲੀ ਮਚਾ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਭਗਵਾ ਪਹਿਰਾਵਾ ਪਾਇਆ ਹੋਇਆ ਹੈ। ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹੰਗਾਮਾ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ।