ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਫਿਲਮ ਦਾ ਟਾਈਟਲ ‘TJMM’ ਯਾਨੀ ‘ਤੂੰ ਝੂਠੀ ਮੈਂ ਮੱਕਾਰ’

ਮੁੰਬਈ – ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ ‘TJMM’ ਯਾਨੀ ‘ਤੂੰ ਝੂਠੀ ਮੈਂ ਮੱਕਾਰ’ ਦੇ ਟਾਈਟਲ ਦਾ ਆਖ਼ਿਰਕਾਰ ਐਲਾਨ ਹੋ ਗਿਆ ਹੈ। ਇਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ ਪਰ ਲਵ ਰੰਜਨ ਦੀ ਫਿਲਮ ਦਾ ਨਾਂ ‘ਤੂੰ ਝੂਠੀ ਮੈਂ ਮੱਕਾਰ’ ਹੈ। ਇਸ ਦੇ ਨਾਲ ਹੀ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ, ਜਿਸ ‘ਚ ਰਣਬੀਰ ਅਤੇ ਸ਼ਰਧਾ ਦੇ ਕਿਰਦਾਰ ਕਾਫ਼ੀ ਦਿਲਚਸਪ ਲੱਗ ਰਹੇ ਹਨ।
‘ਪਿਆਰ ਕਾ ਪੰਚਨਾਮਾ’ ਵਰਗੀਆਂ ਹਿੱਟ ਫ਼ਿਲਮਾਂ ਬਣਾ ਚੁੱਕੇ ਨਿਰਦੇਸ਼ਕ ਲਵ ਰੰਜਨ ਇਸ ਵਾਰ ‘ਤੂੰ ਝੂਠੀ ਮੈਂ ਮੱਕਾਰ’ ਲੈ ਕੇ ਆ ਰਹੇ ਹਨ। ਇਸ ਵਿੱਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨੇ ਕੰਮ ਕੀਤਾ ਹੈ। ਟੀਜ਼ਰ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ-ਦੂਜੇ ‘ਤੇ ਪਿਆਰ ਦਾ ਮੀਂਹ ਕਰ ਰਹੇ ਦੋਵੇਂ ਸਿਤਾਰੇ ਫਿਲਮ ਦੇ ਟਾਈਟਲ ਵਾਂਗ ਹੀ ਫ਼ਰਜ਼ੀ ਰਿਸ਼ਤੇ ‘ਚ ਹਨ। ਹੁਣ ਫਿਲਮ ਦੀ ਕਹਾਣੀ ਕੀ ਹੈ, ਇਸ ਬਾਰੇ ਥੋੜ੍ਹਾ ਹੋਰ ਤਾਂ ਟ੍ਰੇਲਰ ਆਉਣ ‘ਤੇ ਹੀ ਪਤਾ ਲੱਗੇਗਾ। ਫ਼ਿਲਹਾਲ, ਇਹ ਰੋਮਾਂਟਿਕ ਕਾਮੇਡੀ ਫਿਲਮ ਅਗਲੇ ਸਾਲ ਹੋਲੀ ਦੇ ਮੌਕੇ ‘ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ 8 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।