ਬੀਬੀ ਜਗੀਰ ਕੌਰ ਨੂੰ 5 ਸਾਲ ਦੀ ਕੈਦ ਅਤੇ ਬੀਬੀ ਦਾ ਨਵੇਂ ਮਿਲੇ ਕੈਬੀਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ

 ਪਟਿਆਲਾ – ਪੰਜਾਬ ਦੀ ਨਵੀਂ ਬਣੀ ਕੈਬੀਨੇਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਟਿਆਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦੇ ਜੱਜ ਬਲਬੀਰ ਸਿੰਘ ਨੇ ਆਪਣੀ 22 ਸਾਲਾ ਧੀ ਹਰਪ੍ਰੀਤ ਕੌਰ ਉਰਫ਼ ਰੌਜ਼ੀ ਨੂੰ ਅਗਵਾ ਕਰਕੇ ਨਜ਼ਾਇਜ ਤਰੀਕੇ ਨਾਲ ਗਰਭਪਾਤ ਕਰਾਉਣ ਅਤੇ ਬੰਧਕ ਬਣਾ ਕੇ ਰੱਖਣ ਦੇ ਦੋਸ਼ ਹੇਠ 5 ਸਾਲ ਦੀ ਸਜ਼ਾ, ਜਦੋਂ ਕਿ ਧੀ ਹਰਪ੍ਰੀਤ ਹੱਤਿਆ ਦੇ ਮਾਮਲੇ ਵਿੱਚ ਸਬੂਤਾਂ ਦੀ ਘਾਟ ਦੇ ਅਧਾਰ ‘ਤੇ ਬਰੀ ਕਰ ਦਿੱਤਾ ਹੈ। ਖ਼ਬਰ ਹੈ ਕਿ ਪੁਲਿਸ ਨੇ ਬੀਬੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਜੇਲ਼੍ਹ ਭੇਜ ਦਿੱਤਾ। ਬੀਬੀ ਜਗੀਰ ਕੌਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਅਦਾਲਤ ਨੇ ਬੀਬੀ ਜਗੀਰ ਕੌਰ ਦੇ ਨਾਲ ਉਸ ਦੀ ਸਹੇਲੀ ਦਲਵਿੰਦਰ ਕੌਰ ਢੇਸੀ, ਏ. ਐਸ. ਆਈ. ਨਿਸ਼ਾਨ ਸਿੰਘ, ਪਰਮਜੀਤ ਸਿੰਘ ਨੂੰ ਫੌਜਦਾਰੀ ਸਾਜ਼ਸ਼ ਦੇ ਕਰਕੇ ਆਈ. ਪੀ. ਸੀ. ਦੀ ਧਾਰਾ 120 ਬੀ, 313, 344 ਅਤੇ 365 ਦੇ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 5-5 ਸਾਲ ਦੀ ਕੈਦ ਅਤੇ 5,000 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ। ਹਰਵਿੰਦਰ ਸਿੰਘ, ਸੱਤਿਆ ਅਤੇ ਸੰਜੀਵ ਨੂੰ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਸੰਜੀਵ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਬੀਬੀ ਦਲਵਿੰਦਰ ਕੌਰ ਢੇਸੀ, ਪਰਮਜੀਤ ਰਾਏਪੁਰ ਨੂੰ ਵੀ ਆਈ. ਪੀ. ਸੀ. ਦੀ ਧਾਰਾ 344 ਅਧੀਨ ਤਿੰਨ ਸਾਲ ਦੀਆਂ ਵਖਰੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ। ਨਿਸ਼ਾਨ ਸਿੰਘ ਨੂੰ ਵਖਰੇ ਦੋਸ਼ ਵਿੱਚ 3 ਸਾਲ ਅਤੇ 1 ਸਾਲ ਦੀਆਂ ਸਜ਼ਾਵਾਂ ਦੇ ਨਾਲ-ਨਾਲ ਪੰਜ ਹਜ਼ਾਰ ਜੁਰਮਾਨਾ ਕੀਤਾ ਗਿਆ। ਸਾਰੇ ਦੋਸ਼ੀਆਂ ਨੂੰ ਦਿੱਤੀਆਂ ਗਈਆਂ ਵੱਖ-ਵੱਖ ਸਜ਼ਾਵਾਂ ਨਾਲ-ਨਾਲ ਚਲਣਗੀਆਂ। 
12 ਸਾਲ ਪਹਿਲਾਂ ਬੀਬੀ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ 20-21 ਅਪ੍ਰੈਲ 2000 ਦੀ ਰਾਤ ਨੂੰ ਸ਼ੱਕੀ ਹਲਾਤ ‘ਚ ਮੌਤ ਹੋ ਗਈ ਸੀ। ਉਸ ਦਾ ਬਿਨਾ ਪੋਸਟ ਮਾਰਟਮ ਕੀਤਿਆ ਜਲਦਬਾਜ਼ੀ ਵਿੱਚ ਅੰਤਮ ਸਸਕਾਰ ਕਰ ਉਸੇ ਦਿਨ ਫ਼ੁਲ ਚੁਗ ਲਏ ਗਏ ਸੀ। ਉਸ ਵੇਲੇ ਬੀਬੀ ਜਗੀਰ ਕੌਰ ਐਸ.ਜੀ.ਪੀ.ਸੀ. ਦੀ ਪ੍ਰਧਾਨ ਸੀ ਤੇ ਉਸ ਪਾਸੋਂ ਅਸਤੀਫਾ ਵੀ ਮੰਗਿਆ ਗਿਆ ਸੀ।
ਗੌਰਤਲਬ ਹੈ ਕਿ ਬੀਬੀ ਜਗੀਰ ਕੌਰ ਦੀ ਮੁੱਖ ਮੰਤਰੀ ਬਾਦਲ ਨਾਲ ਨੇੜਤਾ ਹੋਣ ਕਰਕੇ ਸੰਭਵ ਨਾ ਹੋ ਸੱਕਿਆ। ਕੁੱਝ ਦਿਨਾਂ ਬਾਅਦ ਬੀਬੀ ਜਗੀਰ ਕੌਰ ਦੇ ਹੀ ਪਿੰਡ ਬੇਗੋਵਾਲ ਦੇ ਨੌਜਵਾਨ ਨੇ ਬੀਬੀ ਜਗੀਰ ਕੌਰ ਦਾ ਜਵਾਈ ਹੋਣ ਦਾ ਦਾਅਵਾ ਕਰਨ ਵਾਲੇ ਕਮਲਜੀਤ ਸਿੰਘ ਨੇ ਬੀਬੀ ਜਗੀਰ ਕੌਰ ‘ਤੇ ਦੋਸ਼ ਲਗਾਇਆ ਸੀ ਕਿ ਹਰਪ੍ਰੀਤ ਦੀ ਮੌਤ ਪਿੱਛੇ ਬੀਬੀ ਜਗੀਰ ਕੌਰ ਦਾ ਹੱਥ ਹੈ। ਪਰ ਬੀਬੀ ਜਗੀਰ ਕੌਰ ਨੇ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਹਰਪ੍ਰੀਤ ਦੀ ਮੌਤ ਬਦਹਜ਼ਮੀ ਕਾਰਨ ਹੋਈ ਹੈ ਤੇ ਇਸ ਪਿੱਛੇ ਉਸ ਦਾ ਕੋਈ ਹੱਥ ਨਹੀਂ ਹੈ। ਕਮਲਜੀਤ ਸਿੰਘ ਨੇ ਦੋਸ਼ ਲਗਾਇਆ ਸੀ ਕਿ ਬੀਬੀ ਜਗੀਰ ਕੌਰ ਆਪਣੀ ਬੇਟੀ ਹਰਪ੍ਰੀਤ ਦੇ ਉਸ ਨਾਲ ਵਿਆਹ ਦੇ ਖਿਲਾਫ ਸੀ ਜਿਸ ਕਾਰਨ ਹਰਪ੍ਰੀਤ ਕੌਰ ਦਾ ਜਬਰੀ ਗਰਭਪਾਤ ਵੀ ਕਰਵਾਇਆ। ਇਹ ਮਾਮਲਾ ਪੰਜਾਬ ਪੁਲਿਸ ਵਲੋਂ ਗੰਭੀਰਤਾ ਨਾਲ ਨਾ ਲਏ ਜਾਣ ਉਪਰੰਤ ਕਮਲਜੀਤ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਅਕਤੂਬਰ 2000 ਵਿੱਚ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਅਤੇ ਇਸ ਮਾਮਲੇ ਵਿੱਚ ਕਈ ਉਤਰਾ ਚੜ੍ਹਾਅ ਵੇਖਣ ਨੂੰ ਆਏ ਜਿਨ੍ਹਾਂ ਵਿਚੋਂ ਮੁਦਈ ਕਮਲਜੀਤ ਨੇ ਕਈ ਵਾਰ ਬੀਬੀ ਜਗੀਰ ਕੌਰ ‘ਤੇ ਉਸ ਨੂੰ ਕਥਿਤ ਧਮਕਾਉਣ ਦੇ ਦੋਸ਼ ਵੀ ਲਗਾਏ ਸਨ। ਸਾਲ 2010 ਦੌਰਾਨ ਇਸ ਕੇਸ ਨੂੰ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ। ਜਬਰੀ ਗਰਭਪਾਤ ਕਰਵਾਉਣ ਦੇ ਮਾਮਲੇ ‘ਚ ਬੀਬੀ ਜਗੀਰ ਕੌਰ ਨੂੰ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾਈ ਹੈ।
ਇਸ ਫੈਸਲੇ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਪੰਜਾਬ ਦੀ ਕੈਬਨਿਟ ਤੋਂ ਅਪਣਾ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਜਿਹੇ ਗੰਭੀਰ ਮਾਮਲੇ ਵਿੱਚ ਜੇ 3 ਸਾਲ ਤੋਂ ਉਪਰ ਸਜ਼ਾ ਸੁਣਾਈ ਜਾਵੇ ਤਾਂ ਕੋਈ ਵੀ ਮੰਤਰੀ ਕੈਬਨਿਟ ਰੈਂਕ ਵਿੱਚ ਨਹੀਂ ਰਹਿ ਸਕਦਾ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਨੇ ਅਜੇ 12 ਮਾਰਚ 2012 ਨੂੰ ਹੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ ਹਾਲ ਹੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਹਰਾ ਕੇ ਵਿਧਾਇਕ ਚੁਣੀ ਗਈ ਸਨ।
ਮਾਨਯੋਗ ਅਦਾਲਤ ਨੇ ਬੀਬੀ ਨੂੰ ਦੋਸ਼ੀ ਠਹਿਰਾਉਣ ਤੋਂ ਲਗਭਗ ਅੱਧੇ ਘੰਟੇ ਬਾਅਦ ਹੀ ਸਜ਼ਾ ਵੀ ਸੁਣਾ ਦਿੱਤੀ। ਬੀਬੀ ਜਗੀਰ ਕੌਰ ਦੀ ਹਮਾਇਤ ਵਿੱਚ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, 96 ਕਰੋੜੀ ਬਾਬਾ ਬਲਬੀਰ ਸਿੰਘ, ਜਸਪਾਲ ਸਿੰਘ ਪ੍ਰਧਾਨ, ਕੈ. ਪ੍ਰੀਤਇੰਦਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਪਟਿਆਲਾ, ਰਣਜੀਤ ਸਿੰਘ ਨਿਕੜਾ, ਸੁਰਜੀਤ ਸਿੰਘ ਅਬਲੋਵਾਲ, ਸੁਰਿੰਦਰ ਸਿੰਘ ਪਹਿਲਵਾਨ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਫੈਸਲੇ ਤੋਂ ਉਪਰੰਤ ਅਦਾਲਤ ਦੇ ਬਾਹਰ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਪਰ ਵੱਡੀ ਗਿਣਤੀ ਵਿੱਚ ਪਹੁੰਚਿਆ ਮੀਡੀਆ ਅਤੇ ਬੀਬੀ ਜਗੀਰ ਕੌਰ ਦੇ ਕੁੱਝ ਹਮਾਇਤੀਆਂ ਵਿਚਾਲੇ ਥੋੜੀ ਧੱਕਾ-ਮੁੱਕੀ ਵੀ ਹੋਈ। ਬੀਬੀ ਜਗੀਰ ਕੌਰ ਅਤੇ ਹੋਰਨਾਂ ਨੂੰ ਪਹਿਲਾਂ ਪਟਿਆਲਾ ਜੇਲ ਅਤੇ ਫਿਰ ਉਥੋਂ ਕਪੂਰਥਲਾ ਜੇਲ੍ਹ ਤਬਦੀਲ ਕਰ ਦਿੱਤਾ ਗਿਆ। ਕਪੂਰਥਲਾ ਜੇਲ ਬੀਬੀ ਜਗੀਰ ਕੌਰ ਆਪਣੀ ਪ੍ਰਾਈਵੇਟ ਏਅਰ-ਕੰਡੀਸ਼ਨ ਗੱਡੀ ‘ਚ ਪੁੱਜੀ। ਕਪੂਰਥਲਾ ਜੇਲ੍ਹ ਪੁੱਜਦੇ ਹੀ ਉੱਥੇ ਡਿਊਟੀ ‘ਤੇ ਮੌਜੂਦ ਪੁਲਸਕਰਮੀਆਂ ‘ਚ ਪੈਰੀ ਪੈਣ ਦੀ ਹੋੜ ਲਗ ਗਈ। ਪੁਲਿਸ ਕਰਮੀ ਵਰਦੀ ‘ਚ ਹੋਣ ਦੇ ਬਾਵਜੂਦ ਇਹ ਭੁੱਲ ਗਏ ਕਿ ਬੀਬੀ ਕੈਦੀ ਹੈ ਤੇ ਉਹ ਇਸ ਸਮੇਂ ਡਿਊਟੀ ‘ਤੇ ਹਨ। ਉਹ ਹਾਲੇ ਵੀ ਬੀਬੀ ਨੂੰ ਮੰਤਰੀ ਹੀ ਸਮੱਝ ਰਹੇ ਲੱਗਦੇ ਹਨ।