ਯੂਐੱਸ ਓਪਨ: ਕੋਕੋ ਗੌਫ ਨੇ ਸਬਾਲੇਂਕਾ ਨੂੰ 2-6, 6-3, 6-2 ਨਾਲ ਹਰਾ ਕੇ ਪਹਿਲਾ ਗਰੈਂਡਸਲੈਮ ਖਿਤਾਬ ਜਿੱਤਿਆ

ਨਿਊਯਾਰਕ, 10 ਸਤੰਬਰ – ਅਮਰੀਕਾ ਦੀ ਟੈਨਿਸ ਖਿਡਾਰਨ ਕੋਕੋ ਗੌਫ ਨੇ ਅਰਿਆਨਾ ਸਬਾਲੇਂਕਾ ਖ਼ਿਲਾਫ਼ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਆਪਣੇ ਕਰੀਅਰ ਦਾ ਪਹਿਲਾ ਗਰੈਂਡਸਲੈਮ ਖਿਤਾਬ ਜਿੱਤ ਲਿਆ। ਫਲੋਰਿਡਾ ਦੀ ਰਹਿਣ ਵਾਲੀ 19 ਸਾਲਾ ਗੌਫ ਨੇ ਖਰਾਬ ਸ਼ੁਰੂਆਤ ਤੋਂ ਉਭਰਦਿਆਂ 2-6, 6-3, 6-2 ਨਾਲ ਜਿੱਤ ਦਰਜ ਕੀਤੀ। ਛੇਵਾਂ ਦਰਜਾ ਪ੍ਰਾਪਤ ਗੌਫ ਨੇ ਮੈਚ ਤੋਂ ਬਾਅਦ ਕਿਹਾ, ‘‘ਮੈਂ ਇਸ ਵੇਲੇ ਬਹੁਤ ਖੁਸ਼ ਹਾਂ ਅਤੇ ਥੋੜ੍ਹੀ ਰਾਹਤ ਮਹਿਸੂਸ ਕਰ ਰਹੀ ਹਾਂ। ਇਮਾਨਦਾਰੀ ਨਾਲ ਕਹਾਂ ਤਾਂ ਇਸ ਵਾਰ ਮੈਂ ਦੂਜਿਆਂ ਲਈ ਨਹੀਂ ਸਗੋਂ ਆਪਣੇ ਲਈ ਜਿੱਤਣਾ ਚਾਹੁੰਦੀ ਸੀ।’’
ਗੌਫ ਦਾ ਮੈਚ ਦੇਖਣ ਲਈ ਕਈ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਸਨ, ਜਿਨ੍ਹਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਸਨ। ਓਬਾਮਾ ਨੇ ਬਾਅਦ ਵਿੱਚ ਉਸ ਲਈ ਵਧਾਈ ਸੰਦੇਸ਼ ਵੀ ਭੇਜਿਆ। ਚੈਂਪੀਅਨ ਬਣਨ ’ਤੇ ਗੌਫ ਨੂੰ ਟਰਾਫੀ ਅਤੇ 30 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੀ।