ਸਪੇਨ ਨੇ ਭਾਰਤ ਨੂੰ ਹਰਾ ਹਾਕੀ ਲੜੀ ‘ਤੇ ਕਬਜ਼ਾ ਕੀਤਾ

ਨਵੀਂ ਦਿੱਲੀ (ਸੰਤੋਖ ਸਿੰਘ) – ਮੇਜ਼ਬਾਨ ਸਪੇਨ ਨੇ ਭਾਰਤੀ ਨੂੰ 2-1 ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ‘ਤੇ 1-0ਨਾਲ ਕਬਜ਼ਾ ਕਰ ਲਿਆ। ਸਪੇਨ ਦੇ ਸ਼ਹਿਰ ਸੈਨਟੇਂਡਰ ਦੇ ਨਵੇਂ ਬਣੇ ਸਟੇਡੀਅਮ ‘ਲਾ ਅਲਬੇਰੀਸਿਆ’ ਵਿਖੇ ਦੁਨੀਆ ‘ਚ ਪੰਜਵਾਂ ਦਰਜਾ ਹਾਸਲ ਸਪੇਨ ਤੇ ਦਸਵਾਂ ਦਰਜਾ ਹਾਸਲ ਭਾਰਤ ਵਿਚਾਲੇ ਉਲੰਪਿਕ ਤੋਂ ਪਹਿਲਾਂ ਦੋ ਮੈਚਾਂ ਦੀ ਹਾਕੀ ਟੈਸਟ ਲੜੀ ਖੇਡੀ ਗਈ, ਜਿਸ ਵਿੱਚ ਪਹਿਲਾ ਮੈਚ 3-3 ਦੀ ਬਰਾਬਰੀ ‘ਤੇ ਰਿਹਾ ਸੀ। ਜਦੋਂ ਕਿ ਦੂਜੇ ਟੈਸਟ ਮੈਚ ਵਿੱਚ ਭਾਰਤੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਤੇ 28ਵੇਂ ਮਿੰਟ ‘ਚ ਸੰਦੀਪ ਸਿੰਘ ਨੇ ਪੈਨਲਟੀ ਕਾਰਨਰ ਰਾਹੀ ਗੋਲ ਕੀਤਾ। ਪਰ ਭਾਰਤ ਦੀ ਇਹ ਲਈ ਲੀਡ ਬਹੁਤਾ ਸਮਾਂ ਨਾ ਰਹਿ ਸਕੀ ਤੇ ਸਪੇਨ ਦੇ ਸਟ੍ਰਾਈਕਰ ਪਾਓ ਕਿਊਮਾਦਾ ਨੇ 34ਵੇਂ ਮਿੰਟ ‘ਚ ਬਰਾਬਰੀ ਗੋਲ ਕਰ ਦਿੱਤਾ। ਮੈਚ ਦੇ ਅੱਧੇ ਸਮੇਂ ਤੱਕ ਸਕੋਰ 1-1 ਸੀ। ਭਾਰਤੀ ਟੀਮ ਨੂੰ ਦੂਜੇ ਅੱਧ ‘ਚ ਕਈ ਮੌਕੇ ਮਿਲੇ ਪਰ ਗੋਲ ਕਰਨ ਵਿੱਚ ਨਾਕਾਮ ਰਹੀ। ਸਪੇਨ ਵਲੋਂ ਵੀ ਲਗਾਤਾਰ ਭਾਰਤੀ ਟੀਮ ਉਪਰ ਦਬਾਅ ਬਣਾਈ ਰਖਿਆ ਤੇ ਕਪਤਾਨ ਸੈਂਟੀ ਫਰੈਕਸੀਆ ਨੇ 69ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਮਹਿਮਾਨ ਭਾਰਤ ਨੂੰ 2-1 ਨਾਲ ਹਰਾ ਦਿੱਤਾ ਅਤੇ ਮੈਚ ਜਿੱਤਣ ਦੇ ਨਾਲ ਲੜੀ ‘ਤੇ ਕਬਜ਼ਾ ਕਰ ਲਿਆ। ਇਸ ਲੜੀ ਤੋਂ ਬਾਅਦ ਭਾਰਤ ਹੁਣ ਦੱਖਣੀ ਅਫ਼ਰੀਕਾ ਤਿੰਨ ਮੈਚਾਂ ਦੀ ਟੈਸਟ ਲੜੀ ਖੇਡ ਰਿਹਾ ਹੈ। ਉਸ ਤੋਂ ਬਾਅਦ ਭਾਰਤ ਮੁੜ ਇੰਗਲੈਂਡ ਤੇ ਸਪੇਨ ਦੇ ਨਾਲ ਤਿੰਨ ਦੇਸ਼ਾਂ ਦੀ ਤ੍ਰਿਕੋਣੀ ਲੜੀ ਵਿੱਚ ਖੇਡੇਗਾ। ਇਹ ਭਾਰਤ ਦੀ ਇਸੇ ਮਹੀਨੇ ਦੀ 27 ਤਰੀਕ ਤੋਂ ਸ਼ੁਰੂ ਹੋ ਰਹੇ ਉਲੰਪਿਕ ਤੋਂ ਪਹਿਲਾਂ ਦੀ ਤਿਆਰੀ ਵਜੋਂ ਹੈ।