ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ

ਅੱਜ ੨੮ ਨਵੰਬਰ, ਸ਼੍ਰੀ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼
ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਹਨ। ਆਪ ਜੀ ਦੇ ਜੀਵਨ ਇਤਿਹਾਸ ਅਤੇ ਉਪਦੇਸ਼ਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਆਪ ਕਿਸੇ ਵਿਸ਼ੇਸ਼ ਵਰਗ ਦੇ ਗੁਰੂ ਨਾ ਹੋ ਕੇ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਇਸ ਸੰਸਾਰ ‘ਤੇ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ੧੪੬੯ ਈ: ਵਿੱਚ ਪਾਕਿਸਤਾਨ ਦੇ ਵਰਤਮਾਨ ਨਗਰ ਸ੍ਰੀ ਨਨਕਾਣਾ ਸਾਹਿਬ ਵਿੱਚ ਹੋਇਆ। ਸਿੱਖ ਇਤਿਹਾਸ ਵਿਚੋਂ ਗੁਰੂ ਸਾਹਿਬ ਜੀ ਦੇ ਜੀਵਨ ਵਿੱਚ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਨਿਵੇਕਲੇ ਮਹੱਤਵ ਦੇ ਲਖਾਇਕ ਤੱਤ ਦ੍ਰਿਸ਼ਟਮਾਨ ਹੋ ਜਾਂਦੇ ਹਨ। ਗੁਰੂ ਜੀ ਨੇ ਮੁੱਢ ਤੋਂ ਹੀ ਮਨੁੱਖੀ ਏਕਤਾ, ਬਰਾਬਰਤਾ ਤੇ ਧਾਰਮਿਕ ਸਹਿ-ਹੋਂਦ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ ਹੋਇਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਕ ਅਜਿਹੇ ਯੁੱਗ ਵਿੱਚ ਹੋਇਆ ਜਦ ਉੱਤਰ-ਪੱਛਮੀ ਭਾਰਤ ਤਕਰੀਬਨ ਤਿੰਨ ਸਦੀਆਂ ਤੋਂ ਇਸਲਾਮ ਦੇ ਪ੍ਰਭਾਵ ਅਧੀਨ ਪੱਕੇ ਤੌਰ ‘ਤੇ ਆ ਚੁੱਕਾ ਸੀ। ਇਸਲਾਮੀ ਪ੍ਰਭਾਵ ਅਧੀਨ ਲੋਕ………. ਆਪਣੀਆਂ ਧਾਰਮਿਕ ਰਹੁ-ਰੀਤਾਂ ਦਾ ਤਿਆਗ ਕਰ ਚੁੱਕੇ ਸਨ। ਇਸ ਸਮਾਜਿਕ ਅਧੋਗਤੀ ਦਾ ਵਰਣਨ ਗੁਰੂ ਸਾਹਿਬ ਨੇ ਪਾਵਨ ਬਾਣੀ ਵਿੱਚ ਅਨੇਕਾਂ ਥਾਵਾਂ ‘ਤੇ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਸਿਰਫ ਅਧਿਆਤਮਿਕਤਾ ਤਕ ਹੀ ਸੀਮਤ ਨਹੀਂ ਰੱਖਿਆ, ਸਗੋਂ ਇਹ ਧਰਮ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਬਣਾਇਆ। ਉਨ੍ਹਾਂ ਨੇ ਮਨੁੱਖ ਨੂੰ ਦਇਆ, ਸੇਵਾ, ਸੰਤੋਖ, ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜਿਊਣ ਦੇ ਯੋਗ ਬਣਾਇਆ।
ਗੁਰੂ ਸਾਹਿਬ ਦੇ ਸਮੇਂ ਹਿੰਦੁਸਤਾਨ ਵਿੱਚ ਬ੍ਰਾਹਮਣਾਂ, ਕਾਜ਼ੀਆਂ ਤੇ ਜੋਗੀਆਂ ਦਾ ਬੋਲ-ਬਾਲਾ ਸੀ। ਇਹ ਲੋਕ ਆਪਣੇ-ਆਪ ਨੂੰ ਧਰਮ ਦੇ ਠੇਕੇਦਾਰ ਗਰਦਾਨਦੇ ਸਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਅਨੁਸਾਰ ਇਹ ਅਸਲੋਂ ਧਰਮ ਤੋਂ ਸੱਖਣੇ ਸਨ। ਇਨ੍ਹਾਂ ਨੇ ਆਪਣੇ ਸੁਆਰਥ ਦੀ ਖ਼ਾਤਰ ਧਾਰਮਿਕ ਭੇਖ ਨੂੰ ਅਪਣਾਇਆ ਹੋਇਆ ਸੀ। ਇਸ ਦਾ ਜ਼ਿਕਰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕੀਤਾ ਹੈ :
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ ੬੬੨)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੁਸਤਾਨੀ ਸਮਾਜ ਵਿੱਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ। ਇਸਤਰੀ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਆਦਿ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਅਜਿਹੀ ਹਾਲਤ ਵਿੱਚ ਇਸਤਰੀ ਨੇ ਵੀ ਅਧੀਨਗੀ ਨੂੰ ਆਪਣੇ ਜੀਵਨ ਦਾ ਜਮਾਂਦਰੂ ਅੰਗ ਸਵੀਕਾਰ ਕਰ ਲਿਆ ਸੀ। ਉਨ੍ਹਾਂ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ‘ਤੇ ਬਹਾਲ ਕਰਦਿਆਂ ਆਪਣੇ ਪੰਥ ਵਿੱਚ ਮਰਦ ਦੇ ਬਰਾਬਰ ਖੜ੍ਹਾ ਕਰ ਦਿੱਤਾ। ਇਸਤਰੀ ਦੇ ਮਾਣ-ਸਤਿਕਾਰ ਅਤੇ ਵਡਿਆਈ ਦੇ ਹੱਕ ਵਿੱਚ ਬੁਲੰਦ ਕੀਤੀ ਆਵਾਜ਼ ਆਪ ਜੀ ਦੀ ਬਾਣੀ ਵਿਚੋਂ ਨਿਹਾਰੀ ਜਾ ਸਕਦੀ ਹੈ। ਆਪ ਜੀ ਦਾ ਫ਼ਰਮਾਨ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ੪੭੩)
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਕੀਤੀ। ਇਹ ਨਹੀਂ ਕਿ ਗੁਰੂ ਜੀ ਨੇ ਸਮਾਜ ਦੇ ਲੋਕਾਂ ਨੂੰ ਹੀ ਉਪਦੇਸ਼ ਕੀਤਾ, ਸਗੋਂ ਇਸ ‘ਤੇ ਆਪ ਵੀ ਅਮਲੀ ਰੂਪ ਵਿੱਚ ਪਹਿਰਾ ਦਿੱਤਾ। ਆਪ ਫ਼ਰਮਾਉਂਦੇ ਹਨ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ ੧੫)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕਰਕੇ ਮੂਲ-ਮੰਤਰ ਵਿੱਚ ਪ੍ਰਮਾਤਮਾ ਦੇ ਸਰੂਪ ਦੀ ਵਿਆਖਿਆ ਕੀਤੀ ਅਤੇ ਉਸ ਦੀ ਪ੍ਰਾਪਤੀ ਦਾ ਮਾਰਗ ਵੀ ਦੱਸਿਆ। ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਨੇ ਸਚਿਆਰ ਮਨੁੱਖ ਦੀ ਅਵਸਥਾ ਬਿਆਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨਾਮ ਸਿਮਰਨ ਦੁਆਰਾ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਅਤੇ ਮਨ ਜਾਗ੍ਰਿਤ ਹੋ ਜਾਂਦਾ ਹੈ। ਜਿਹੜੇ ਮਨੁੱਖ ਪ੍ਰਮਾਤਮਾ ਦੀ ਯਾਦ ਵਿੱਚ ਆਪਣੇ ਮਨ ਨੂੰ ਟਿਕਾਈ ਰੱਖਦੇ ਹਨ, ਉਹ ਉਸੇ ਵਿੱਚ ਅਭੇਦ ਹੋ ਜਾਂਦੇ ਹਨ ਅਤੇ ਨਾਮ ਮਾਰਗ ਉਪਰ ਚੱਲ ਕੇ ਸਰਬੱਤ ਦੇ ਭਲੇ ਵਾਲਾ ਜੀਵਨ ਬਤੀਤ ਕਰਦੇ ਹਨ। ਗੁਰੂ ਸਾਹਿਬ ਫ਼ਰਮਾਉਂਦੇ ਹਨ :
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਪੰਨਾ ੮)
ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਪਵਿੱਤਰ ਕਮਾਈ ਉਹੀ ਹੈ, ਜਿਹੜੀ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਕੀਤੀ ਗਈ ਹੋਵੇ। ਝੂਠ ਬੋਲ ਕੇ ਅਤੇ ਠੱਗੀ ਮਾਰ ਕੇ ਕੀਤੀ ਕਮਾਈ ਹੱਕ-ਸੱਚ ਦੀ ਕਮਾਈ ਨਹੀਂ ਕਹੀ ਜਾ ਸਕਦੀ। ਰਿਸ਼ਵਤ ਲੈ ਕੇ ਜਾਂ ਭ੍ਰਿਸ਼ਟ ਤਰੀਕੇ ਨਾਲ ਕੀਤੀ ਕਮਾਈ ਲੋਕਾਂ ਦਾ ਖੂਨ ਚੂਸਣ ਦੇ ਬਰਾਬਰ ਹੈ। ਇਥੇ ਹੀ ਬੱਸ ਨਹੀਂ, ਹੱਕ-ਸੱਚ ਦੀ ਕੀਤੀ ਕਮਾਈ ਨੂੰ ਵੰਡ ਛਕਣ ਦਾ ਉਪਦੇਸ਼ ਵੀ ਗੁਰੂ ਜੀ ਦਾ ਵਿਲੱਖਣ ਸਿਧਾਂਤ ਹੈ :
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)
‘ਕਿਛੁ ਹਥਹੁ ਦੇਇ’ ਦਾ ਇਹ ਸਿਧਾਂਤ ਦੂਜੇ ਧਾਰਮਿਕ ਮੱਤਾਂ ਦੇ ਦਾਨ ਆਦਿ ਦੇ ਸਿਧਾਂਤ ਨਾਲੋਂ ਵਿਲੱਖਣ ਅਰਥ ਰੱਖਦਾ ਹੈ, ਕਿਉਂਕਿ ਦੂਜੇ ਮੱਤਾਂ ਵਿੱਚ ਦਾਨ ਆਪਣੇ ਨਿੱਜੀ ਹਿੱਤ ਜਾਂ ਅਗਲੇ ਜਨਮ ‘ਚ ਚੰਗੇ ਫਲ ਦੀ ਕਾਮਨਾ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਸੀ ਪਰ ਗੁਰੂ ਸਾਹਿਬ ਨੇ ਦਾਨ ਦੇ ਅਰਥ ਕਿਸੇ ਮਕਸਦ ਦੀ ਪੂਰਤੀ ਜਾਂ ਵਿਅਕਤੀਗਤ ਲਾਭ ਨੂੰ ਮੁੱਖ ਰੱਖ ਕੇ ਨਹੀਂ ਕੀਤੇ, ਸਗੋਂ ਉਨ੍ਹਾਂ ਦੇ ਇਸ ਸਿਧਾਂਤ ਵਿਚੋਂ ‘ਸਰਬੱਤ ਦੇ ਭਲੇ’ ਦੀ ਖਾਹਿਸ਼ ਉਜਾਗਰ ਹੁੰਦੀ ਹੈ। ਵੰਡ ਛਕਣ ਜਾਂ ਲੋੜਵੰਦਾਂ ਦੀ ਸਹਾਇਤਾ ਕਰਨ ਬਾਰੇ ਗੁਰੂ ਜੀ ਦੇ ਹੁਕਮ ਨਾਲ ਸ਼ਰਤ ਇਹ ਹੈ ਕਿ ਇਹ ਸਹਾਇਤਾ ਮਿਹਨਤ ਅਥਵਾ ‘ਘਾਲਿ’ ਦੀ ਕਮਾਈ ਵਿਚੋਂ ਹੋਣੀ ਚਾਹੀਦੀ ਹੈ।
ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ਾਂ ਵਿਚੋਂ ‘ਸਰਬੱਤ ਦੇ ਭਲੇ’ ਦੀ ਭਾਵਨਾ ਉਜਾਗਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗ-ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿੱਚ ਭਟਕ ਰਹੀ ਲੋਕਾਈ ਦਾ ਸਹੀ ਮਾਰਗ-ਦਰਸ਼ਨ ਕਰਕੇ, ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਉਨ੍ਹਾਂ ਇਸ ਮੰਤਵ ਦੀ ਪੂਰਤੀ ਲਈ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜੋ ਸਦੀਵੀ ਸੇਧ ਦੇਣ ਵਾਲੇ ਹਨ। ਆਓ! ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਦੇ ਸ਼ੁਭ ਅਵਸਰ ‘ਤੇ ਉਨ੍ਹਾਂ ਵਲੋਂ ਦਰਸਾਈ ਗੁਰਮਤਿ ਜੀਵਨ-ਜੁਗਤ ਨੂੰ ਅਪਣਾ ਕੇ ਆਦਰਸ਼ਕ ਮਨੁੱਖ ਬਣਨ ਵੱਲ ਸੇਧਤ ਹੋਈਏ।
ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਪੰਜਾਬ (ਭਾਰਤ)।