ਸਰੀ ਵਿਖੇ ਨਾਮਵਰ ਅਦੀਬ ਡਾ. ਅਖ਼ਤਰ ਹੁਸੈਨ ਸੰਧੂ ਅਤੇ ਡਾ. ਪਰਮਜੀਤ ਕੌਰ ਦਾ ਸਨਮਾਨ

ਸਰੀ, 28 ਸਤੰਬਰ (ਹਰਦਮ ਮਾਨ) – ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਵੱਲੋਂ ਲਹਿੰਦੇ ਪੰਜਾਬ ਤੋਂ ਆਏ ਨਾਮਵਰ ਅਦੀਬ ਡਾ. ਅਖ਼ਤਰ ਹੁਸੈਨ ਸੰਧੂ (ਪ੍ਰਿੰਸੀਪਲ ਗੌਰਮਿੰਟ ਇਸਲਾਮੀਆ ਗਰੈਜੂਏਟ ਕਾਲਜ ਲਾਹੌਰ) ਅਤੇ ਪੰਜਾਬ ਤੋਂ ਆਈ ਪ੍ਰਸਿੱਧ ਵਿਦਵਾਨ ਡਾ. ਪਰਮਜੀਤ ਕੌਰ (ਪ੍ਰੋਫੈਸਰ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ) ਦੇ ਸਨਮਾਨ ਵਿਚ ਸੰਖੇਪ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਰੀ ਅਤੇ ਵੈਨਕੂਵਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ-ਰਵਾਂ ਜੈਤੇਗ ਸਿੰਘ ਅਨੰਤ ਨੇ ਦੋਹਾਂ ਮਹਿਮਾਨਾਂ ਅਤੇ ਹਾਜਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਡਾ. ਅਖ਼ਤਰ ਹੁਸੈਨ ਸੰਧੂ ਅਤੇ ਡਾ. ਪਰਮਜੀਤ ਕੌਰ ਨਾਲ ਆਪਣੀ ਸਾਂਝ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਅਖ਼ਤਰ ਹੁਸੈਨ ਸੰਧੂ ਨਾਮਵਰ ਇਤਿਹਾਸਕਾਰ ਅਤੇ ਸ਼ਾਇਰ ਹਨ। ਇਹ ਟੈਲੀਵੀਜ਼ਨ ਅਤੇ ਰੇਡੀਓ ਤੋਂ ਵੱਖ ਵੱਖ ਵਿਸ਼ਿਆਂ ਉੱਪਰ ਆਪਣਾ ਨਜ਼ਰੀਆ ਪੇਸ਼ ਕਰਨ ਦੇ ਨਾਲ ਨਾਲ ‘ਡੇਲੀ ਨਵਾਏ-ਵਕਤ ਇਸਲਾਮਮਾਬਾਦ’ ਅਤੇ ‘ਡੇਲੀ ਪਾਕਿਸਤਾਨ ਲਾਹੌਰ’ ਦੇ ਕਾਲਮ ਨਵੀਸ ਹਨ। ਇਨ੍ਹਾਂ ਦੀਆਂ ਤਿੰਨ ਕਿਤਾਬਾਂ ‘ਦਿਲ ਦਾ ਚਾਨਣ’, ‘ਮਾਰਟਿਨ ਲੂਥਰ ਕਿੰਗ ਜੂਨੀਅਰ’ ਅਤੇ ‘ਪੰਜਾਬ ਐਨ ਅਨਾਟਮੀ ਆਫ ਮੁਸਲਿਮ ਸਿੱਖ ਪੌਲੇਟਿਕਸ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਪਰਮਜੀਤ ਕੌਰ ਦੀ ਜਾਣ ਪਛਾਣ ਕਰਵਾਉਂਦਿਆਂ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਇਹ ਨਾਮਵਰ ਲੇਖਿਕਾ, ਖੋਜਾਰਥੀ ਵਿਦਵਾਨ ਹਨ। ਇਨ੍ਹਾਂ ਦੇ 50 ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ 100 ਦੇ ਕਰੀਬ ਰਾਜ ਪੱਧਰੀ, ਨੈਸ਼ਨਲ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਆਪਣੇ ਖੋਜ ਪੱਤਰ ਪੇਸ਼ ਕਰ ਚੁੱਕੇ ਹਨ। ਇਹ ਪੰਜਾਬੀ ਯੂਨੀਵਰਸਿਟੀ ਸਮੇਤ ਕਈ ਵਿਦਿਅਕ ਸੰਸਥਾਵਾਂ ਦੇ ਬੋਰਡ ਮੈਂਬਰ ਵੀ ਹਨ।
ਇਸ ਮੌਕੇ ਦੋਹਾਂ ਮਹਿਮਾਨ ਵਿਦਵਾਨਾਂ ਨੂੰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਵੱਲੋਂ ਪਲੇਕ, ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਡਾ. ਅਖ਼ਤਰ ਹੁਸੈਨ ਸੰਧੂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਪੰਜਾਬ ਐਨ ਅਨਾਟਮੀ ਆਫ ਮੁਸਲਿਮ ਸਿੱਖ ਪੌਲੇਟਿਕਸ’ ਵੀ ਇਸ ਮੌਕੇ ਰਿਲੀਜ਼ ਕੀਤੀ ਗਈ।
ਡਾ. ਅਖ਼ਤਰ ਹੁਸੈਨ ਸੰਧੂ ਨੇ ਦੋਹਾਂ ਸੰਸਥਾਵਾਂ ਅਤੇ ਸਰੀ ਦੇ ਸਿੱਖ ਭਾੲਚਾਰੇ ਵੱਲੋਂ ਦਿੱਤੇ ਪਿਆਰ, ਮੁਹੱਬਤ, ਸਤਿਕਾਰ ਅਤੇ ਮਾਣ ਸਨਮਾਨ ਲਈ ਸ਼ੁਕਰੀਆ ਅਦਾ ਕਰਦਿਆਂ ਆਪਣੇ ਖੋਜ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਪਣੇ ਕਾਲਜ ਦੀਆਂ ਇਤਿਹਾਸਕ ਯਾਦਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਕਾਲਜ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸੁਪਤਨੀ ਰਾਜ ਕੌਰ, ਖੜਕ ਸਿੰਘ ਸੁਪਤਨੀ ਚੰਦ ਕੌਰ ਅਤੇ ਨੌਨਿਹਾਲ ਸਿੰਘ ਦੀ ਸੁਪਤਨੀ ਸਾਹਿਬ ਕੌਰ ਦੀਆਂ ਇਤਿਹਾਸਕ ਸਮਾਧਾਂ ਬਣੀਆਂ ਹੋਈਆਂ ਹਨ। ਇੱਥੇ ਹੀ ਸ਼ਹੀਦੇ-ਆਜ਼ਮ ਭਗਤ ਸਿੰਘ ਨੇ ਸਾਂਡਰਸ ਦੇ ਗੋਲੀ ਮਾਰੀ ਸੀ। ਡਾ. ਪਰਮਜੀਤ ਕੌਰ ਨੇ ਕਿਹਾ ਕਿ ਉਹ ਪਹਿਲੀ ਵਾਰ ਕੈਨੇਡਾ ਆਏ ਹਨ ਅਤੇ ਇੱਥੋਂ ਦੇ ਸਿੱਖ ਭਾਈਚਾਰੇ ਵਿਚਲੀ ਨਿਮਰਤਾ ਅਤੇ ਮੇਲ ਜੋਲ ਦੀ ਭਾਵਨਾ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਿਚ ਆਪਣੀ 25 ਸਾਲ ਦੀ ਸੇਵਾ ਦੌਰਾਨ ਸਿੱਖੀ ਅਤੇ ਗੁਰਬਾਣੀ ਪ੍ਰਤੀ ਕੀਤੇ ਕਾਰਜਾਂ ਅਤੇ ਆਪਣੀਆਂ ਪ੍ਰਕਾਸ਼ਿਤ ਹੋਈਆਂ ਪੰਜ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ।
ਅੰਤ ਵਿਚ ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਦੇ ਕੁਰੇਟਰ ਅਜੀਤ ਸਿੰਘ ਸਹੋਤਾ ਨੇ ਡਾ. ਅਖ਼ਤਰ ਹੁਸੈਨ ਸੰਧੂ, ਡਾ. ਪਰਮਜੀਤ ਕੌਰ ਅਤੇ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਦੇ ਕਾਰਜ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਸਰੀ ਦੇ ਬਾਨੀ ਪ੍ਰਧਾਨ ਜਗਤਾਰ ਸਿੰਘ ਸੰਧੂ, ਪ੍ਰਸਿੱਧ ਰੇਡੀਓ, ਟੀਵੀ ਹੋਸਟ ਹਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ, ਲਖਬੀਰ ਸਿੰਘ ਖੰਗੂੜਾ, ਸ਼ਾਇਰ ਬਿੱਕਰ ਸਿੰਘ ਖੋਸਾ, ਸ਼ਾਇਰ ਹਰਦਮ ਸਿੰਘ ਮਾਨ, ਜਰਨੈਲ ਸਿੰਘ ਸਿੱਧੂ ਅਤੇ ਸੁਰਿੰਦਰ ਕੌਰ ਸਹੋਤਾ ਮੌਜੂਦ ਸਨ।