ਸਿਵਲ ਮਿਲਟਰੀ ਲਾਈਜ਼ਨ ਕਾਨਫ਼ਰੰਸ ਦੌਰਾਨ ਫ਼ੌਜ ਅਤੇ ਸੂਬਾ ਸਰਕਾਰ ਨਾਲ ਸਬੰਧਿਤ ਕਈ ਮੁੱਦਿਆਂ ਦਾ ਨਿਪਟਾਰਾ

cm-4ਚੰਡੀਗੜ੍ਹ, 2 ਨਵੰਬਰ – ਫ਼ੌਜ ਅਤੇ ਸੂਬਾ ਸਰਕਾਰ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਕਰਨ ਲਈ ਅੱਜ ਪੰਜਾਬ ਭਵਨ ਵਿਖੇ ਸਿਵਲ ਮਿਲਟਰੀ ਲਾਈਜ਼ਨ ਕਾਨਫ਼ਰੰਸ (ਸੀ.ਐਮ.ਐਲ.ਸੀ) ਪੰਜਾਬ-2016 ਹੋਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਿਛਲੀਆਂ ਰਵਾਇਤਾਂ ਅਨੁਸਾਰ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਰਨੀ ਸੀ ਪਰ ਮੌਸਮ ਦੀ ਖ਼ਰਾਬੀ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਅੰਮ੍ਰਿਤਸਰ ਤੋਂ ਉਡਾਣ ਨਹੀਂ ਭਰ ਸਕਿਆ। ਇਸ ਕਰਕੇ ਉਨ੍ਹਾਂ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਸ੍ਰੀ ਜਗਪਾਲ ਸਿੰਘ ਸੰਧੂ ਨੂੰ ਇਹ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਜਿਸ ਵਿੱਚ ਪੱਛਮੀ ਕਮਾਂਡ ਦੇ ਚੀਫ਼ ਆਫ਼ ਸਟਾਫ਼ ਸ੍ਰੀ ਆਈ.ਐੱਸ. ਘੁੰਮਣ ਫ਼ੌਜ ਦੀ ਨੁਮਾਇੰਦਗੀ ਕੀਤੀ।
ਵਿਚਾਰ-ਚਰਚਾ ਦੌਰਾਨ ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਸਾਰੀਆਂ ਸ਼੍ਰੇਣੀਆਂ ਵਿੱਚ ਸਾਬਕਾ ਫ਼ੌਜੀਆਂ ਨੂੰ ਰਾਖਵੇਂਕਰਨ ਦੇਣ ਦੀ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਦੀ ਰਹੇਗੀ ਅਤੇ ਨੋਡਲ ਵਿਭਾਗ ਰੱਖਿਆ ਸੇਵਾਵਾਂ ਦੀ ਭਲਾਈ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਵੇਗਾ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਮੀਟਿੰਗ ਵਿਚ ਦੱਸਿਆ ਕਿ ਦੂਜੀ ਵਿਸ਼ਵ ਜੰਗ ਦੇ ਫ਼ੌਜੀਆਂ ਅਤੇ ਵਿਧਵਾਵਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ 2000 ਰੁਪਏ ਤੋਂ ਵਧਾ ਕੇ 4500 ਰੁਪਏ ਪ੍ਰਤੀ ਮਹੀਨਾ ਕਰਨ ਲਈ ਨੋਟੀਫ਼ਿਕੇਸ਼ਨ ਸੂਬਾ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ।
ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਜਿੱਥੇ ਜ਼ਮੀਨ ਉਪਲਭਦ ਹੈ ਉੱਥੇ ਗੈਰ-ਫ਼ੌਜੀ ਸਟੇਸ਼ਨਾਂ ‘ਤੇ ਐਕਸ-ਸਰਵਿਸਮੈਨ ਕੰਟਰੀਬਿਓਟਰੀ ਹੈਲਥ ਸਕੀਮ (ਈ.ਸੀ.ਐਚ.ਐੱਸ) ਚਲਾਉਣ ਲਈ ਜ਼ਮੀਨ ਮੁਹੱਈਆ ਕਰਵਾਏਗੀ ਅਤੇ ਜਿੱਥੇ ਇਹ ਜ਼ਮੀਨ ਉਪਲਭਦ ਨਹੀਂ ਹੈ ਉੱਥੇ ਸੂਬਾ ਸਰਕਾਰ ਇਸ ਮਕਸਦ ਲਈ ਜ਼ਮੀਨ ਪ੍ਰਾਪਤ ਕਰਨ ਵਾਸਤੇ ਫ਼ੌਜ ਦੀ ਮਦਦ ਕਰੇਗੀ।
ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਡਿਪਟੀ ਕਮਿਸ਼ਨਰ, ਐੱਸ.ਏ.ਐੱਸ. ਨਗਰ (ਮੋਹਾਲੀ) ਨੂੰ ਕਿਹਾ ਕਿ ਉਹ ਨੋਟੀਫਾਈ ਖੇਤਰ ਵਿੱਚ ਅਜਿਹੀਆਂ ਗੈਰ-ਅਧਿਕਾਰਤ ਅਤੇ ਗੈਰ-ਯੋਜਨਾਬੱਧ ਉਸਾਰੀ ਨੂੰ ਨਾ ਹੋਣ ਦੇਣ ਜੋ ਹਵਾਈ ਅੱਡੇ ਦੀ ਸੁਰੱਖਿਆ ਨੂੰ ਅਤੇ ਐਮਰਜੰਸੀ ਲਾਂਘੇ ਲਈ ਗੱਡੀਆਂ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਦੀ ਹੋਵੇ।
ਇਸੇ ਦੌਰਾਨ ਪੱਛਮੀ ਕਮਾਂਡ ਦੇ ਚੀਫ਼ ਆਫ਼ ਸਟਾਫ਼ ਸ੍ਰੀ ਘੁੰਮਣ ਨੇ ਭਰੋਸਾ ਦਿਵਾਇਆ ਕਿ ਫ਼ੌਜ ਦੇ ਸਾਰੇ ਸਰੋਤ ਸਾਡੇ ਦੇਸ਼ ਦੇ ਲੋਕਾਂ ਅਤੇ ਰਾਸ਼ਟਰ ਦੇ ਇਖ਼ਤਿਆਰ ਵਿੱਚ ਹਨ। ਕਿਸੇ ਵੀ ਗੜਬੜੀ ਦੇ ਮੌਕੇ ਫ਼ੌਜੀ ਪੂਰੀ ਤਰ੍ਹਾਂ ਸਮਰਪਣ, ਵਚਨਬੱਧਤਾ ਅਤੇ ਸੰਜੀਦਗੀ ਨਾਲ ਦੇਸ਼ ਦੀ ਰੱਖਿਆ ਕਰਨ ਲਈ ਤਿਆਰ ਹਨ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਐਨ.ਐੱਸ. ਕਲਸੀ, ਵਧੀਕ ਮੁੱਖ ਸਕੱਤਰ (ਮਾਲ) ਸ੍ਰੀ ਕੇ.ਬੀ.ਐੱਸ. ਸਿੱਧੂ, ਵਧੀਕ ਮੁੱਖ ਸਕੱਤਰ (ਸਥਾਨਕ ਸਰਕਾਰ) ਸ੍ਰੀ ਸਤੀਸ਼ ਚੰਦਰਾ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਐੱਸ.ਕੇ. ਸੰਧੂ, ਡੀ.ਜੀ.ਪੀ ਸ੍ਰੀ ਸੁਰੇਸ਼ ਅਰੋੜਾ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਵਿਸ਼ਵਜੀਤ ਖੰਨਾ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐੱਸ. ਚੀਮਾ, ਸਕੱਤਰ ਪੀ.ਡਬਲਯੂ.ਡੀ. (ਬੀ.ਐਂਡ.ਆਰ) ਸ੍ਰੀ ਜਸਪਾਲ ਸਿੰਘ, ਏ.ਡੀ.ਜੀ.ਪੀ. (ਇੰਟੈਲੀਜੈਂਸ) ਸ੍ਰੀ ਗੌਰਵ ਯਾਦਵ ਅਤੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਸ਼ਾਮਲ ਸਨ।