22 ਸਾਲਾ ਵਿਦਿਆਰਥੀ ਮਨਜੀਤ ਸਿੰਘ ਦੀ ਮਿਸ਼ਨ ਬੇਅ ਬੀਚ ਕੰਢੇ ਲਾਸ਼ ਮਿਲੀ

NZ PIC 13 May-1-Bਆਕਲੈਂਡ 13 ਮਈ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਦੇ ਵਿੱਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅੱਜ ਸਵੇਰੇ 6.30 ਵਜੇ ਮਿਸ਼ਨ ਬੇਅ ਬੀਚ ਆਕਲੈਂਡ ਦੇ ਕੰਢੇ ਉੱਤੇ ਇਕ 22 ਸਾਲਾ ਭਾਰਤੀ ਵਿਦਿਆਰਥੀ ਮਨਜੀਤ ਸਿੰਘ ਪੁੱਤਰ ਸ. ਜੀਤ ਸਿੰਘ-ਸ੍ਰੀਮਤੀ ਕੁਲਦੀਪ ਕੌਰ ਵਾਸੀ ਅਰਬਨ ਅਸਟੇਟ ਕਰਨਾਲ (ਹਰਿਆਣਾ) ਦੀ ਲਾਸ਼ ਮਿਲੀ ਹੈ। ਮੂਲ ਰੂਪ ਵਿੱਚ ਇਹ ਪਰਿਵਾਰ ਪਿੰਡ ਦਰੜ (ਕਰਨਾਲ) ਨਾਲ ਸਬੰਧ ਰੱਖਦਾ ਹੈ। ਇਸ ਨੌਜਵਾਨ ਦੀ ਲਾਸ਼ ਦਾ ਉਦੋਂ ਪਤਾ ਲੱਗਾ ਜਦੋਂ ਇਕ ਔਰਤ ਉੱਥੇ ਸਵੇਰੇ-ਸਵੇਰੇ ਸੈਰ ਕਰ ਰਹੀ ਸੀ। ਉਸ ਨੂੰ ਪਹਿਲਾਂ ਜਾਪਿਆ ਜਿਵੇਂ ਕੋਈ ਸੁੱਤਾ ਪਿਆ ਹੋਵੇ। ਪਰ ਉਸ ਨੇ ਅੰਦਾਜ਼ਾ ਲਗਾਇਆ ਕਿ ਕੁੱਝ ਹੋਰ ਗੱਲ ਹੈ ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਮਨਜੀਤ ਸਿੰਘ ਇੰਟਰਨੈਸ਼ਨਲ ਕਾਲਜ ਆਫ਼ ਆਕਲੈਂਡ ਕੁਈਨਜ਼ ਰੋਡ ਆਕਲੈਂਡ ਸਿਟੀ ਦਾ ਵਿਦਿਆਰਥੀ ਸੀ ਅਤੇ ਅਕਤੂਬਰ 2013 ਦੇ ਵਿੱਚ ਇੱਥੇ ਬਿਜ਼ਨਸ ਮੈਨੇਜਮੈਂਟ ਲੈਵਲ-5 ‘ਚ 18 ਮਹੀਨਿਆਂ ਦੀ ਪੜ੍ਹਾਈ ਕਰਨ ਆਇਆ ਸੀ। ਇਸ ਵੇਲੇ ਇਸ ਦੀ ਸਿਰਫ਼ 2 ਮਹੀਨਿਆਂ ਦੀ ਪੜ੍ਹਾਈ ਬਾਕੀ ਸੀ। ਮਾਪਿਆਂ ਦਾ ਇਹ ਇਕਲੌਤਾ ਪੁੱਤਰ ਸੀ ਅਤੇ ਇਸ ਦੀ 20 ਸਾਲਾ ਛੋਟੀ ਭੈਣ ਹੈ। ਇਸ ਨੌਜਵਾਨ ਦੇ ਪਿਤਾ ਨੇ ਇਸ ਪੱਤਰਕਾਰ ਨੂੰ ਰੋਂਦਿਆਂ ਦੱਸਿਆ ਕਿ 2 ਮਹੀਨੇ ਤੱਕ ਉਸ ਦੇ ਪੁੱਤਰ ਨੂੰ ਡਿਗਰੀ ਮਿਲਣੀ ਸੀ ਅਤੇ ਉਹ ਡਿਗਰੀ ਵੰਡ ਸਮਾਰੋਹ ਵਿੱਚ ਆਉਣ ਵਾਲੇ ਸਨ। ਉਨ੍ਹਾਂ ਨਿਊਜ਼ੀਲੈਂਡ ਵੱਸਦੇ ਭਾਰਤੀਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦੇ ਮ੍ਰਿਤਕ ਸਰੀਰ ਨੂੰ ਜਲਦੀ ਤੋਂ ਜਲਦੀ ਇੰਡੀਆ ਭੇਜਣ ਦੀ ਖੇਚਲ ਕਰਨ। ਪਿੱਛੇ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੋ ਗਿਆ ਹੈ। ਵਰਨਣਯੋਗ ਹੈ ਕਿ ਇਸ ਪਰਿਵਾਰ ਦੇ ਕੁੱਝ ਮੈਂਬਰਾਂ ਨੇ ਸਿੱਖ ਸੰਘਰਸ਼ ਦੌਰਾਨ ਕਾਫੀ ਮੁਸ਼ਕਲਾਂ ਝੱਲੀਆਂ ਹਨ।
ਪਰਿਵਾਰ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਨੂੰ ਅਪੀਲ : ਮ੍ਰਿਤਕ ਮਨਜੀਤ ਸਿੰਘ ਦੇ ਪਰਿਵਾਰਕ ਮੈਂਬਰ ਜੋ ਕਿ ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਦੇ ਕਾਫੀ ਨੇੜੇ ਹਨ, ਵੱਲੋਂ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੂੰ ਲਿਖਤੀ ਤੌਰ ‘ਤੇ ਅਧਿਕਾਰਕ ਕੀਤਾ ਗਿਆ ਹੈ ਕਿ ਉਹ ਇਸ ਨੌਜਵਾਨ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਦਾ ਪ੍ਰਬੰਧ ਕਰਨ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕੇਸ ਦੇ ਸਬੰਧ ਵਿੱਚ ਪੁਲਿਸ ਅਤੇ ਹਸਪਤਾਲ ਦੇ ਨਾਲ ਸੰਪਰਕ ਕਰ ਲਿਆ ਗਿਆ ਹੈ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਦੁੱਖ ਪ੍ਰਗਟ : ਸੁਪਰੀਮ ਸਿੱਖ ਸੁਸਾਇਟੀ ਅਤੇ ਸੁਪਰੀਮ ਸਿੱਖ ਕੌਂਸਲ ਵੱਲੋਂ ਇਸ ਨੌਜਵਾਨ ਦੀ ਹੋਈ ਇਸ ਦੁਖਦਾਈ ਮੌਤ ਉੱਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸੁਸਾਇਟੀ ਵੱਲੋਂ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਹਨ।