ਆਕਲੈਂਡ, 11 ਜੁਲਾਈ – ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਅਤੇ ਭਾਰਤ ਵਿਚਕਾਰ ਇੱਕ ਨਵੀਂ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ, ਜੋ ਦੋਵਾਂ ਦੇਸ਼ਾਂ ਵਿਚਕਾਰ ਮਿਲ ਕੇ ਹੋਰ ਕੰਮ ਕਰਨ ਦੀ ਸਾਂਝੀ ਇੱਛਾ ਦਾ ਸੰਕੇਤ ਹੈ।
ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਤਹਿਤ ਅੱਗੇ ਵਧਾਉਣ ਦਾ ਕਦਮ ਚੁੱਕਿਆ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਸਾਲ 2030 ਤੱਕ ਆਪਣੇ ਸਾਲਾਨਾ ਦੁਵੱਲੇ ਵਸਤੂਆਂ ਅਤੇ ਸੇਵਾਵਾਂ ਦੇ ਵਪਾਰ ਨੂੰ ਦੁੱਗਣਾ ਕਰਕੇ 7 ਬਿਲੀਅਨ ਨਿਊਜ਼ੀਲੈਂਡ ਡਾਲਰ (35,000 ਕਰੋੜ ਰੁਪਏ) ਤੱਕ ਪਹੁੰਚਾਉਣ ਲਈ ਪੰਜ ਸਾਲ ਦਾ ਟੀਚਾ ਮਿਥਿਆ ਹੈ। ਉਨ੍ਹਾਂ ਨੇ ਮੁਫ਼ਤ ਵਪਾਰਕ ਸਮਝੌਤੇ (FTA) ਦੇ ਜਲਦੀ ਲਾਗੂ ਹੋਣ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਵੀ ਸੰਕਲਪ ਲਿਆ।
ਇਸ ਮੀਟਿੰਗ ਵਿੱਚ 10 ਸਮਝੌਤਿਆਂ ਸਮੇਤ 18 ਠੋਸ ਨਤੀਜੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਅਗਲੇ ਚਾਰ ਸਾਲਾਂ ਵਿੱਚ ਸਬੰਧਾਂ ਨੂੰ ਵਧਾਉਣ ਲਈ ਇੱਕ ਰੋਡਮੈਪ, ਇੰਡੋ-ਪੈਸੀਫਿਕ ਸਮੁੰਦਰੀ ਸਹਿਯੋਗ ਨੂੰ ਵਧਾਉਣ ਲਈ ਇੱਕ ਫਰੇਮ ਵਰਕ ਅਤੇ ਭਾਰਤੀ ਜਲ ਸੈਨਾ ਅਤੇ ਨਿਊਜ਼ੀਲੈਂਡ ਰੱਖਿਆ ਬਲ ਵਿਚਕਾਰ ਆਪਸੀ ਲੌਜਿਸਟਿਕਸ ਸਹਾਇਤਾ ਸਮਝੌਤੇ ਹਨ।
ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੋਦੀ ਅਤੇ ਲਕਸਨ ਨੇ ਇੰਡੋ-ਪੈਸੀਫਿਕ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ, ਇੱਕ ਸੁਤੰਤਰ, ਖੁੱਲ੍ਹੇ ਅਤੇ ਖ਼ੁਸ਼ਹਾਲ ਖੇਤਰ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਨਿਯਮਾਂ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੀ ਰਾਖੀ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
ਮੋਦੀ ਆਪਣੇ ਤਿੰਨ-ਦੇਸ਼ਾਂ ਦੇ ਦੌਰੇ ਦੇ ਤੀਜੇ ਅਤੇ ਆਖ਼ਰੀ ਪੜਾਅ ਵਿੱਚ ਕੱਲ੍ਹ ਰਾਤ ਆਕਲੈਂਡ ਪਹੁੰਚੇ, ਜੋ ਕਿ ਖੇਤਰ ਵਿੱਚ ਚੀਨ ਦੀ ਵਧਦੀ ਸਰਗਰਮੀ ਦੇ ਮੱਦੇਨਜ਼ਰ ਇੰਡੋ-ਪੈਸੀਫਿਕ ਵਿੱਚ ਸਹਿਯੋਗ ਵਧਾਉਣ ‘ਤੇ ਕੇਂਦਰਿਤ ਹੈ। ਇਹ ਦੌਰਾ ਹਾਲ ਹੀ ਵਿੱਚ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (FTA) ‘ਤੇ ਦਸਤਖ਼ਤ ਕਰਨ ਤੋਂ ਬਾਅਦ ਹੋਇਆ ਹੈ।
ਗੱਲਬਾਤ ਦੌਰਾਨ ਆਪਣੀ ਟਿੱਪਣੀ ਵਿੱਚ ਮੋਦੀ ਨੇ ਕਿਹਾ ਕਿ ਦੋ ਸਮੁੰਦਰੀ ਦੇਸ਼ਾਂ, ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਡੂੰਘਾ ਸਹਿਯੋਗ ਇੰਡੋ-ਪੈਸੀਫਿਕ ਵਿੱਚ ਨਵੀਂ ਤਾਕਤ ਭਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਸਮੁੰਦਰੀ ਦੇਸ਼ਾਂ ਵਜੋਂ, ਸਾਡਾ ਨਜ਼ਦੀਕੀ ਸਹਿਯੋਗ ਇੰਡੋ-ਪੈਸੀਫਿਕ ਨੂੰ ਨਵੀਂ ਤਾਕਤ ਦਿੰਦਾ ਹੈ, ਅਤੇ ਸਾਡੇ ਸਬੰਧ ਸ਼ਾਂਤੀ ਦੇ ਸਾਡੇ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਵੀਂ ਊਰਜਾ ਦਾ ਸੰਚਾਰ ਕਰ ਸਕਦੇ ਹਨ।
ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਏਸ਼ੀਆ ਦੇ ਸੰਘਰਸ਼ ‘ਤੇ ਚਰਚਾ ਕਰਦਿਆਂ ਮੋਦੀ ਅਤੇ ਲਕਸਨ ਨੇ ਤਣਾਅ ਦੇ ਨਵੇਂ ਵਾਧੇ ‘ਤੇ ਚਿੰਤਾ ਪ੍ਰਗਟਾਈ ਅਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ, ਤਣਾਅ ਘੱਟ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਇਹ ਰੋਡਮੈਪ ਸਬੰਧਾਂ ਦੀ ਡੁੰਘਾਈ ਨੂੰ ਦਰਸਾਉਂਦਾ ਹੈ ਜਿਸ ਵਿੱਚ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਤੋਂ ਲੈ ਕੇ ਸਮੁੰਦਰੀ ਸੁਰੱਖਿਆ, ਸਿੱਖਿਆ, ਸੈਰ-ਸਪਾਟਾ, ਖੇਡ, ਖੇਤੀਬਾੜੀ ਅਤੇ ਭਾਈਚਾਰੇ ਆਦਿ ਹਨ। ਨਿਊਜ਼ੀਲੈਂਡ-ਭਾਰਤ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨਾ ਇਸ ਯੋਜਨਾ ਦਾ ਕੇਂਦਰ ਹੈ। ਇਹ ਇੱਕ ਇਤਿਹਾਸਕ ਪ੍ਰਾਪਤੀ ਹੈ ਜੋ ਦੋਵਾਂ ਦੇਸ਼ਾਂ ਲਈ ਲੰਬੇ ਸਮੇਂ ਦੇ ਵਿਕਾਸ ਨੂੰ ਅੱਗੇ ਵਧਾਏਗੀ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਉੱਚ-ਪ੍ਰੋਫਾਈਲ ਨੇਤਾਵਾਂ ਵਿੱਚੋਂ ਇੱਕ ਹਨ। ਅੱਜ ਸਵੇਰੇ ਆਕਲੈਂਡ ਦੇ ਗਵਰਨਰ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਓਰੀ ਰੀਤੀ ਰਿਵਾਜ਼ਾਂ ਨਾਲ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਨਵੀਂ ਊਰਜਾ ਅਤੇ ਨਵਾਂ ਸੰਕਲਪ ਪੈਦਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੁਨੀਆ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਲਈ ਉਨ੍ਹਾਂ ਦੇ ਦੁਵੱਲੇ ਯਤਨਾਂ ਨੂੰ ਮਜ਼ਬੂਤ ਕਰੇਗੀ। ਨਿਊਜ਼ੀਲੈਂਡ ਅਤੇ ਭਾਰਤ ਲੋਕਤੰਤਰੀ ਕਦਰਾਂ-ਕੀਮਤਾਂ ਸਾਂਝੀਆਂ ਕਰਦੇ ਹਨ।
Home Page ਭਾਰਤ ਅਤੇ ਨਿਊਜ਼ੀਲੈਂਡ ਵੱਲੋਂ ਰਣਨੀਤਕ ਭਾਈਵਾਲੀ ਤਹਿਤ 2030 ਤੱਕ ਦੁੱਗਣਾ ਵਪਾਰ ਵਧਾਉਣ...







