ਭਾਰਤ ਦੇ ਸਾਬਕਾ ਕ੍ਰਿਕਟਰ ਤੇ ਸਪਿੰਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ

ਨਵੀਂ ਦਿੱਲੀ, 23 ਅਕਤੂਬਰ – ਭਾਰਤ ਦੇ ਸਾਬਕਾ ਕ੍ਰਿਕਟਰ ਤੇ ਸਪਿੰਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ 12 ਸਾਲਾ ਦੇ ਆਪਣੇ ਕੌਮਾਂਤਰੀ ਕਰੀਅਰ ਵਿੱਚ 67 ਟੈਸਟ ਤੇ 266 ਵਿਕਟਾਂ ਲਈਆਂ । ਉਨ੍ਹਾਂ 10 ਇਕ ਦਿਨਾਂ ਮੈਚ ਖੇਡੇ ਤੇ 7 ਵਿਕਟਾਂ ਲਈਆਂ। ਬਿਸ਼ਨ ਸਿੰਘ ਬੇਦੀ, ਇਰਾਪੱਲੀ ਪ੍ਰਸੰਨਾ, ਬੀਐੱਸ ਚੰਦਰਸ਼ੇਖਰ ਅਤੇ ਐੱਸ ਵੈਂਕਟਰਾਘਵਨ ਕਦੇ ਭਾਰਤੀ ਸਪਿੰਨ ਦੀ ਮਹਾਨ ਕੜੀ ਸਨ।
ਅੰਮ੍ਰਿਤਸਰ ਦੇ ਜੰਮਪਲ ਸਪਿੰਨਰ ਬੇਦੀ ਨੇ ਘਰੇਲੂ ਸਰਕਟ ‘ਤੇ ਦਿੱਲੀ ਦੀ ਨੁਮਾਇੰਦਗੀ ਕੀਤੀ। ਘਰੇਲੂ ਕ੍ਰਿਕਟ ਵਿੱਚ 370 ਮੈਚਾਂ ਵਿੱਚ 1,560 ਵਿਕਟਾਂ ਲਈਆਂ। ਬਿਸ਼ਨ ਸਿੰਘ ਬੇਦੀ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 31 ਦਸੰਬਰ 1966 ਨੂੰ ਕੋਲਕਾਤਾ ਦੇ ਇਤਿਹਾਸਕ ਸਟੇਡੀਅਮ ਈਡਨ ਗਾਰਡਨ ਵਿਖੇ ਕੀਤੀ, ਜਦੋਂ ਕਿ ਅਗਸਤ-ਸਤੰਬਰ 1979 ਵਿੱਚ ਓਵਲ ਵਿਖੇ ਇੰਗਲੈਂਡ ਵਿਰੁੱਧ ਆਪਣਾ ਆਖਰੀ ਟੈਸਟ ਖੇਡਿਆ। ਦੂਜੇ ਪਾਸੇ ਪਹਿਲਾ ਇਕ ਦਿਨਾਂ ਇੰਗਲੈਂਡ ਖ਼ਿਲਾਫ਼ 13 ਜੁਲਾਈ 1974 ਨੂੰ ਲਾਰਡਜ਼ ਵਿਖੇ ਖੇਡਿਆ ਗਿਆ ਸੀ, ਜਦੋਂ ਕਿ ਆਖਰੀ ਇਕ ਦਿਨਾਂ ਸ੍ਰੀਲੰਕਾ ਖ਼ਿਲਾਫ਼ 16 ਜੂਨ 1979 ਨੂੰ ਮੈਨਚੈਸਟਰ ਵਿਖੇ ਖੇਡਿਆ ਗਿਆ ਸੀ।