2011 ਵਿੱਚ ਭਾਰਤੀ ਖੇਡ ਜਗਤ ਦਾ ਮੁਲਾਂਕਣ

ਸਾਲ 2011 ਜਿੱਥੇ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਆਫਤਾਂ ਕਰਕੇ ਜਾਣਿਆਂ ਜਾਵੇਗਾ, ਉੱਥੇ ਵਗਦੇ ਪਾਣੀ ਵਾਂਗ ਜ਼ਿੰਦਗੀ ਵਿੱਚ ਕੁੱਝ ਕਰ ਗੁਜ਼ਰਨ ਦੀ ਸਮਰੱਥਾ ਵਾਲੀ ਸੋਚ ਰੱਖਦੇ ਵਿਅਕਤੀਆਂ ਜਾਂ ਉੱਦਮਾਂ ਨੂੰ ਅੱਖਰਾਂ ਵਿੱਚ ਕੈਦ ਕਰਨਾ ਜ਼ਰੂਰੀ ਹੈ। ਗੱਲ ਕਰਦੇ ਹਾਂ ਭਾਰਤੀ ਖੇਡ ਜਗਤ ਦੀ 2011 ਵਿੱਚ ਕੀਤੀ ਗਈ ਕਾਰਗੁਜ਼ਾਰੀ ਦੀ। ਇਸ ਲੇਖ ਵਿੱਚ ਭਾਰਤੀ ਖੇਡ ਜਗਤ ਦੀਆਂ ਕੁੱਝ ਮੁੱਖ ਖੇਡਾਂ ਹਾਕੀ, ਫੁੱਟਬਾਲ, ਕ੍ਰਿਕਟ, ਟੈਨਿਸ, ਬੈਡਮਿੰਟਨ, ਸ਼ੂਟਿੰਗ, ਮੁੱਕੇਬਾਜ਼ੀ, ਕੁਸ਼ਤੀ ਅਤੇ ਸ਼ਤਰੰਜ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਕੀਤੀ ਗਈ ਜੱਦੋ-ਜਹਿਦ ਅਤੇ ਨਾਲ-ਨਾਲ ਹਾਕੀ ਅਤੇ ਕੁੱਝ ਹੋਰ ਖੇਡਾਂ ਵਿੱਚ ਆਪਣੇ ਨਿੱਜੀ ਹਿੱਤਾਂ ਕਾਰਨ ਦੇਸ਼ ਅਤੇ ਖੇਡ ਦਾ ਨਾਸ਼ ਮਾਰਨ ਵਾਲਿਆਂ ਦੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ।
ਸ਼ੁਰੂਆਤ ਕਰਦੇ ਹਾਂ ਰਾਸ਼ਟਰੀ ਖੇਡ ਹਾਕੀ ਤੋਂ ਜਿਸ ਵਿੱਚ ਜੇਕਰ ਅਸੀਂ ਪ੍ਰਸ਼ਾਸਕ ਪੱਧਰ ਦੀ ਗੱਲ ਕਰੀਏ ਤਾਂ ਅਜੇ ਵੀ ਤ੍ਰਿਕੋਣਾ ਸੰਘਰਸ਼ ਜਾਰੀ। ਇਸ ਸੰਘਰਸ਼ ਦੇ ਕਾਰਨ ਹਾਲ ਹੀ ਦੇ ਵਿੱਚ ਹਾਕੀ ਇੰਡੀਆਂ ਤੋਂ ਚੈਂਪੀਅਨ ਟਰਾਫੀ ਦੀ ਮੇਜ਼ਬਾਨੀ ਵੀ ਖੱਸੀ। ਹਾਕੀ ਦੇ ਪ੍ਰਸ਼ਾਸਕਾਂ ਦੀ ਜੇਕਰ ਗੱਲ ਕਰੀਏ ਉਹ ਨਾ ਤਾਂ ਅੰਤਰਾਸ਼ਟਰੀ ਹਾਕੀ ਫੈਂਡਰੇਸ਼ਨ ਨਾਲ ਦੋਸਤੀ ਪਾਉਣਾ ਚਾਹੁੰਦੇ ਨੇ, ਨਾ ਭਾਰਤੀ ਉਲੰਪਿਕ ਸੰਘ ਨਾਲ ਅਤੇ ਨਾ ਹੀ ਭਾਰਤੀ ਹਾਕੀ ਖਿਡਾਰੀਆਂ ਨਾਲ। ਖੈਰ ਇਹ ਸਿਲਸਿਲਾ ਸ਼ਾਇਦ ਗੱਦਾਫੀ ਦੇ ਸਿਲਸਿਲੇ ਵਾਂਗ ਹੀ ਖਤਮ ਹੋਵੇਗਾ।
ਗੱਲ ਕਰਦੇ ਹਾਂ ਭਾਰਤੀ ਹਾਕੀ ਖਿਡਾਰੀਆਂ ਵਲੋਂ ਮੈਦਾਨ ਉੱਤੇ ਕੀਤੇ ਗਏ ਪ੍ਰਦਰਸ਼ਨ ਦੀ। ਸਾਲ 2011 ਵਿੱਚ ਭਾਰਤੀ ਹਾਕੀ ਖਿਡਾਰੀ ਇਕ ਵਾਰ ਫਿਰ ਤੋਂ ਉਲੰਪਿਕ ਕਵਾਲੀਫਾਈ ਕਰਨ ਲਈ ਸੰਘਰਸ਼ ਕਰਦੇ ਨਜ਼ਰ ਆਏ। ਹਾਲਾਂਕਿ ਅਜੇ ਲੰਦਨ ਉਲੰਪਿਕ ਵਿੱਚ ਭਾਰਤੀ ਟੀਮ ਨੂੰ ਟਿਕਟ ਨਹੀਂ ਮਿਲਿਆ, ਪਰ ਪਹਿਲੀ ਏਸ਼ੀਅਨ ਚੈਂਪੀਅਨ ਟਰਾਫੀ ਵਿੱਚ ਪਾਕਿਸਤਾਨ ਉੱਤੇ ਹਾਸਿਲ ਕੀਤੀ ਗਈ ਜਿੱਤ ਦੀ ਖੁਸ਼ੀ ਤੋਂ ਇਲਾਵਾ ਕੁੱਝ ਖਾਸ ਝੋਲੀ ਵਿੱਚ ਨਹੀਂ ਆਇਆ। ਨਵੰਬਰ ਮਹੀਨੇ ਢੀ੍ਹ (ਐਫ. ਆਈ. ਐਚ) ਚੈਂਪੀਅਨ ਚੈਲੰਜ ਕੱਪ ਵਿੱਚ ਦੱਖਣੀ ਅਫਰੀਕਾ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਵੀ ਬੈਲਜੀਅਮ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸਤਰੀ ਵਰਗ ਵਿੱਚ ਭਾਰਤੀ ਹਾਕੀ ਇਸ ਵਾਰ ਕੋਈ ਨਵਾਂ ਚਮਤਕਾਰ ਸਿਰਜਣੋਂ ਵਾਂਝੀ ਰਹੀ ਅਤੇ ਹਰ ਮੁਕਾਬਲੇ ਵਿੱਚ ਇਕ ਖਾਨਾ ਪੂਰਤੀ ਟੀਮ ਹੀ ਹੋ ਨਿੱਬੜੀ। ਇਸ ਵਾਰ ਸੁਲਤਾਨ ਅਜ਼ਲਾਨ ਸ਼ਾਹ ਟੂਰਨਾਮੈਂਟ ਵਿੱਚ ਭਾਰਤੀ ਟੀਮ 6ਵੇਂ ਸਥਾਨ ਤੇ ਰਹੀ ਜਦਕਿ 2009 ਅਤੇ 2010 ਵਿੱਚ ਭਾਰਤੀ ਟੀਮ ਇਸ ਸਥਾਪਿਤ ਟੂਰਨਾਮੈਂਟ ਦੀ ਚੈਂਪੀਅਨ ਰਹੀ ਸੀ। ਇਸ ਤੋਂ ਪਹਿਲਾਂ ਕਿ ਗੱਲ ਕਿਸੇ ਹੋਰ ਖੇਡ ਦੀ ਕਰੀਏ ਕ੍ਰਿਕਟ ਨੂੰ ਹੀ ਡੇੜ ਲੈਂਦੇ ਹਾਂ। 28 ਸਾਲ ਬਾਅਦ ਭਾਰਤੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਅਤੇ ਸਚਿਨ ਤੇਂਦੂਲਕਰ ਸਮੇਤ ਕਈ ਹੋਰ ਸੀਨੀਅਰ …. ਖਿਡਾਰੀਆਂ ਦਾ ਕਈ ਸਾਲ ਪੁਰਾਣਾ ਸੁਪਨਾ ਵੀ ਸਕਾਰ ਹੋਇਆ, ਜਿਸ ਲਈ ਹਰ ਭਾਰਤੀ ਵੀ ਆਸਵੰਦ ਸੀ। ਪਰ ਇਸ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੀ ਸਾਲ 2011 ਵਿੱਚ ਕਾਰਗੁਜ਼ਾਰੀ ਕੁੱਝ ਸੰਤੋਸ਼ਜਨਕ ਨਹੀਂ ਰਹੀ। ਵੈਸਟਇੰਡੀਜ਼ ਵਿੱਚ ਕਈ ਦਹਾਕਿਆਂ ਤੋਂ ਬਾਅਦ ਟੈਸਟ ਸੀਰੀਜ਼ ਨੂੰ ਆਪਣੇ ਨਾਮ ਕਰਨ ਵਾਲੀ ਭਾਰਤੀ ਟੀਮ ਦੀ ਇੰਗਲੈਂਡ ਦੇ ਦੌਰੇ ਤੇ ਖੂਬ ਕਿਰਕਿਰੀ ਹੋਈ ਅਤੇ ਟੈਸਟ ਦਰਜਾਬੰਦੀ ਵਿੱਚ ਨੰਬਰ ਇਕ ਦਾ ਖਿਤਾਬ ਵੀ ਹੱਥੋਂ ਖੁੱਸ ਗਿਆ। ਇਸ ਤੋਂ ਬਾਅਦ ਵੈਸਟ ਇੰਡੀਜ਼ ਵੱਲੋਂ ਭਾਰਤੀ ਦੌਰੇ ਨਾਲ ਇਕ ਵਾਰ ਫਿਰ ਭਾਰਤੀ ਖਿਡਾਰੀ ਸ਼ੇਰ ਸਾਬਿਤ ਹੋਏ ਅਤੇ ਜਿੱਤ ਹਾਸਲ ਕੀਤੀ। ਇਸ ਲੜੀ ਤੋਂ ਬਾਅਦ ਇੰਗਲੈਂਡ ਦੇ ਖਿਲਾਫ ਖੇਡੀ ਗਈ ਇਕ-ਦਿਨਾਂ ਮੈਚਾਂ ਦੀ ਸੀਰੀਜ਼ ਵਿੱਚ ਭਾਰਤੀ ਟੀਮ ਨੇ ਇਕ ਵਾਰ ਫਿਰ ਸਾਬਿਤ ਕੀਤੀ ਕਿ ਘਰ ਵਿੱਚ ਹਰਾਉਣਾ ਉਸ ਨੂੰ ਕਿੰਨ੍ਹਾਂ ਮੁਸ਼ਕਿਲ ਹੈ, ਹਾਲਾਂਕਿ ਇਸ ਟੀਮ ਵਿੱਚ ਕਈ ਸੀਨੀਅਰ ਖਿਡਾਰੀ ਵੀ ਮੌਜੂਦ ਨਹੀਂ ਸਨ। ਆਸਟਰੇਲੀਆ ਵਿੱਚ ਚੱਲ ਰਹੀ ਸੀਰੀਜ਼ ਦੀ ਸ਼ੁਰੂਆਤ ਭਾਰਤੀ ਟੀਮ ਦੀ ਪਹਿਲੇ ਟੈਸਟ ਮੈਚ ਵਿੱਚ ਹਾਰ ਨਾਲ ਹੋ ਚੁੱਕੀ ਹੈ, ਹਾਲਾਂਕਿ ਭਾਰਤੀ ਚੋਣ ਦੇ ਨਾਤੇ ਵਾਪਸੀ ਦੀ ਉਮੀਦ ਜ਼ੂਰਰ ਰੱਖਣਾ ਚਾਹਾਂਗਾ। ਇਸੇ ਹੀ ਸਾਲ ਦੇ ਆਖਿਰ ਵਿੱਚ ਜਿੱਥੇ ਸਾਰਿਆਂ ਦੀਆਂ ਨਜ਼ਰਾਂ ਸਚਿਨ ਦੇ 100ਵੇਂ ਸੈਂਕੜੇ ਤੇ ਲੱਗੀਆਂ ਸਨ। ਉੱੇਥੇ ਨਾਲ ਹੀ ਰਿਕਾਰਡਾਂ ਦੀ ਲੜੀ ਹਰਭਜਨ ਸਿੰਘ ਵੀ ਇਸੇ ਸਾਲ ਦੌਰਾਨ 400 ਟੈਸਟ ਵਿਕਟਾਂ ਪੂਰੀਆਂ ਕਰਨ ਵਿੱਚ ਕਾਮਯਾਬ ਹੋਣ ਵਾਲਾ ਤੀਸਰਾ ਭਾਰਤੀ ਗੇਂਦਬਾਜ਼ ਬਣਿਆਂ। ਕੋਚ ਗੈਰੀ ਕ੍ਰਿਸਟਨ ਦੀ ਵਿਦਾਇਗੀ ਅਤੇ ਰਾਹੁਲ ਦ੍ਰਾਵਿੜ ਦਾ ਇਕ ਦਿਨਾਂ ਮੈਚਾਂ ਤੋਂ ਸੰਨਿਆਸ ਵੀ ਸਾਲ 2011 ਵਿੱਚ ਕ੍ਰਿਕਟ ਜਗਤ ਦੀਆਂ ਖਬਰਾਂ ਦਾ ਹਿੱਸਾ ਰਿਹਾ।
ਫੁੱਟਬਾਲ ਜਗਤ ਵਿੱਚ ਭਾਰਤੀ ਖਿਡਾਰੀ ਹਾਲਾਂਕਿ ਅਜੇ ਆਮ ਲੋਕਾਂ ਦੇ ਹੁੰਗਾਰੇ ਦੀ, ਕਿਸੇ ਬੰਦ ਕਮਰੇ ਵਿੱਚ ਰੌਸ਼ਨੀ ਦੀ ਕਿਰਨ ਆਉਣ ਆਸ ਵਾਂਗ ਇੰਤਜ਼ਾਰ ‘ਚ ਹਨ ਪਰ ਕੁੱਲ ਮਿਲਾ ਕੇ ਸਾਲ 2011 ਭਾਰਤੀ ਫੁੱਟਬਾਲ ਲਈ ਸੰਤੋਖਜਨਕ ਰਿਹਾ। ਭਾਰਤੀ ਟੀਮ ਵਿਸ਼ਵ ਕੱਪ ਕੁਆਲੀਫਾਈ ਦੌਰ ‘ਚ ਤਾਂ ਕੁੱਝ ਖਾਸ ਨਾ ਕਰ ਸਕੀ ਪਰ ਉਲੰਪਿਕ ਕੁਆਲੀਫਾਈ ਦੌਰਾਨ ਕਤਰ ਨੂੰ 2-1 ਨਾਲ ਹਰਾਉਣਾ ਭਾਰਤੀ ਫੁੱਟਬਾਲ ਲਈ ਉਲੰਪਿਕ ਜਿੱਤਣ ਦੇ ਬਰਾਬਰ ਸੀ। ਫੀਫਾ ਦਰਜਾਬੰਦੀ ਦੇ ਅਨੁਸਾਰ 151 ਦਰਜਾ ਪ੍ਰਾਪਤ ਮਲੇਸ਼ੀਆ ਦੀ ਟੀਮ ਨੂੰ ਇਕ ਦੋਸਤਾਨਾ ਮੈਚ ਵਿੱਚ 3-2 ਨਾਲ ਮਾਤ ਦਿੱਤੀ। ਹਾਲਾਂਕਿ ਭਾਰਤੀ ਟੀਮ ਦੀ ਵਿਸ਼ਵ ਦਰਜਾਬੰਦੀ ਵਿੱਚ ਮੌਜੂਦਾ ਦਰਜਾ 162 ਹੈ। ਸਾਲ ਦੇ ਅੰਤ ਵਿੱਚ ਸੈਫ ਫੁੱਟਬਾਲ ਚੈਂਪੀਅਨ ਵਿੱਚ ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ 4-0 ਨਾਲ ਹਰਾਇਆ ਅਤੇ ਲਗਾਤਾਰ ਦੂਜੀ ਵਾਰ ਚੈਂਪੀਅਨ ਬਣੇ। ਸਾਲ 2011 ਵਿੱਚ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕੈਪਟਨ ਬਾਈਚਿੰਗ ਭੂਟੀਆ ਵੱਲੋਂ ਵੀ ਅੰਤਰ-ਰਾਸ਼ਟਰੀ ਫੁੱਟਬਾਲ ਨੂੰ ਅਲਵਿਦਾ ਕਿਹਾ ਗਿਆ, ਇਸ ਤੋਂ ਇਲਾਵਾ ਝਛਠ (ਜੇ. ਸੀ. ਟੀ) ਕਲੱਬ ਦਾ ਖਤਮ ਹੋਣਾ ਵੀ ਖਬਰਾਂ ਦਾ ਹਿੱਸਾ ਬਣਿਆ ਰਿਹਾ।
ਟੈਨਿਸ ਵਿੱਚ ਭਾਰਤੀ ਖਿਡਾਰੀ ਕੁੱਝ ਖਾਸ ਨਹੀਂ ਕਰ ਸਕੇ, ਹਾਲਾਂਕਿ ਸਾਲ 2011 ਵਿੱਚ ਮਿਸ਼ਰਤ ਯੁਗਲ ਵਰਗ ਭਾਰਤ ਅਤੇ ਪਾਕਿਸਤਾਨ ਐਕਸਪ੍ਰੈਸ ਵਜੋਂ ਜਾਣੀ ਜਾਂਦੀ ਬੋਪੰਨਾ-ਕੁਰੇਸ਼ੀ ਦੀ ਜੋੜੀ ਨੇ ਜ਼ਰੂਰ ਕੁੱਝ ਖਿਤਾਬ ਆਪਣੇ ਨਾਮ ਕੀਤੇ, ਪਰ ਲਿਐਂਡਰ ਪੇਸ ਨੂੰ ਡੱਡਕੇ ਸਾਲ 2011 ਵਿੱਚ ਬਾਕੀ ਸਾਰੇ ਭਾਰਤੀ ਟੈਨਿਸ ਖਿਡਾਰੀਆਂ ਦੀ ਦਰਜਾਬੰਦੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਦਰਜਾਬੰਦੀ ਤੇ ਜੇਕਰ ਨਜ਼ਰ ਮਾਰੀਏ ਤਾਂ ਮਹੇਸ਼ ਭੂਪਤੀ (ਡਬਲਜ਼) 6ਵੇਂ ਸਥਾਨ ਤੋਂ 7ਵੇਂ ਸਥਾਨ ਤੇ, ਸਾਨੀਆ ਮਿਰਜ਼ਾ (ਸਿੰਗਲਸ) 64ਵੇਂ ਸਥਾਨ ਤੋਂ 87ਵੇਂ ਸਥਾਨ ਤੇ, ਸੋਮਦੇਵ 63ਵੇਂ ਸਥਾਨ ਤੋਂ 84ਵੇਂ (ਸਿੰਗਲਜ਼) ਸਥਾਨ ਤੇ ਖਿਸਕੇ ਹਨ ਜਦਕਿ ਲੀਐਂਡਰ ਪੇਸ 9ਵੇਂ ਨੰਬਰ (ਡਬਲਜ਼ ਰੈਕਿੰਗ) ਤੇ ਬਰਕਰਾਰ ਹਨ।
ਇਸ ਤੋਂ ਇਲਾਵਾ ਸਾਲ 2011 ਵਿੱਚ ਟੈਨਿਸ ਜਗਤ ਵਿੱਚ ਇਕ ਵਾਰ ਫਿਰ ਲੀਐਂਡਰ ਪੇਸ ਅਤੇ ਮਹੇਸ਼ ਭੂਪਤੀ ਅਤੇ ਨਿੱਜੀ ਹਿੱਤਾਂ ਜਾਂ ਤਰਕਾਰਾਂ ਕਾਰਨ ਫਿਰ ਤੋਂ ਵੱਖ-ਵੱਖ ਹੋਏ ਅਤੇ ਭਾਰਤੀ ਖੇਡ ਪ੍ਰੇਮੀਆਂ ਨੂੰ ਇਕ ਵਾਰ ਫਿਰ ਧੋਖਾ ਦਿੱਤਾ। ਇਨ੍ਹਾਂ ਖਿਡਾਰੀਆਂ ਵੱਲੋਂ ਦੇਸ਼, ਖੇਡ ਪ੍ਰੇਮੀਆਂ, ਖੇਡ ਭਾਵਨਾ ਨੂੰ ਇਕ ਵਾਰ ਫਿਰ ਛਿੱਕੇ ਟੰਗਿਆ ਗਿਆ। ਇਨ੍ਹਾਂ ਖਿਡਾਰੀਆਂ ਦੇ ਵੱਖ ਹੋਣ ਨਾਲ 2012 ਲੰਡਨ ਉਲੰਪਿਕ ਵਿੱਚ ਭਾਰਤੀ ਖਿਡਾਰੀਆਂ ਵਲੋਂ ਤਗਮਾ ਹਾਸਲ ਕਰਨ ਦੀਆਂ ਉਮੀਦਾਂ ਨੂੰ ਵੀ ਧੱਕਾ ਲੱਗਾ।
2011 ਵਿੱਚ ਜੇਕਰ ਭਾਰਤੀ ਖਿਡਾਰੀਆਂ ਦੀ ਬੈਡਮਿੰਟਨ ਵਿੱਚ ਕੀਤੀ ਕਾਰਗੁਜ਼ਾਰੀ ਤੇ ਨਜ਼ਰ ਮਾਰੀਏ ਤਾਂ ਇਕ ਹੀ ਨਾਮ ਅੰਬਰਾਂ ਨੂੰ ਡੂੰਹਦਾ ਦਿਖਾਈ ਦਿੰਦਾ ਹੈ ਅਤੇ ਉਹ ਨਾਮ ਹੈ ਸਾਇਨਾ ਨੇਹਵਾਲ। ਹਾਲ ਹੀ ਦੇ ਵਿੱਚ ਖਤਮ ਹੋਈ ਵਿਸ਼ਵ ਸੂਪਰ ਸੀਰੀਜ਼ ਦੇ ਮੁਕਾਬਲੇ ਵਿੱਚ ਸਾਇਨਾ ਇਕ ਵਾਰ ਫਿਰ ਤੋਂ ਇਤਿਹਾਸ ਰਚਨ ਤੋਂ ਇਕ ਕਦਮ ਦੂਰ ਰਹਿ ਗਈ ਅਤੇ ਫਾਈਨਲ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2011 ਵਿੱਚ ਇਸ ਖਿਡਾਰੀ ਨੇ ਚੀਨ, ਮਲੇਸ਼ੀਆ ਅਤੇ ਕੋਰੀਆ ਵਰਗੇ ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਦਿਆਂ ਬੈਡਮਿੰਟਨ ਵਿੱਚ ਉਨ੍ਹਾਂ ਦਾ ਦਬਦਬਾ ਖੈਰੂੰ-ਖੇਰੂੰ ਕੀਤਾ। ਦਰਜਾਬੰਦੀ ਪੱਖੋਂ ਦੁਨੀਆਂ ਦੀ ਨੰਬਰ 2 ਖਿਡਾਰਨ ਰਹਿ ਚੁੱਕੀ ਸਾਇਨਾ ਸਾਲ ਦੇ ਅਖੀਰ ਤੱਕ ਨੰਬਰ-4 ਦੀ ਦਰਜਾਬੰਦੀ ਤੇ ਸਥਿਰ ਹੈ। 5ਵੇਂ ਸੁਪਰ ਸੀਰੀਜ਼ ਟਾਈਟਲ ਦੇ ਤਹਿਤ ਸਵਿਸ ਓਪਨ 2011 ਇਸ ਖਿਡਾਰੀ ਨੇ ਆਪਣੇ ਨਾਮ ਕੀਤਾ। ਸਾਲ 2011 ਵਿੱਚ ਇਸ ਖਿਡਾਰੀ ਨੇ ਕੁੱਲ 52 ਮੈਚ ਖੇਡੇ, ਜਿਨ੍ਹਾਂ ਵਿੱਚ ਉਸ ਨੂੰ 36 ਮੈਚਾਂ ਵਿੱਚ ਜਿੱਤ ਅਤੇ 16 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਹ ਉਸਦਾ ਆਪਣੇ ਅਜੇ ਤੱਕ ਦੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਤੋਂ ਇਲਾਵਾ ਕੋਈ ਹੋਰ ਭਾਰਤੀ ਬੈਡਮਿੰਟਨ ਖਿਡਾਰੀ ਇਸ ਸਾਲ ਇਤਿਹਾਸ ਰਚਣ ਵਿੱਚ ਨਾਕਾਮ ਹੀ ਰਿਹਾ।
ਸ਼ੂਟਿੰਗ ਦੀ ਜੇਕਰ ਸਾਲ 2011 ਵਿੱਚ ਕੀਤੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਭਾਰਤੀ ਸ਼ੂਟਰਾਂ ਦੀ ਅੱਖ ਸਾਲ 2011 ਵਿੱਚ ਖਿਤਾਬ ਜਿੱਤਣ ਤੇ ਨਹੀਂ ਸੀ, ਬਲਕਿ ਉਨ੍ਹਾਂ ਦਾ ਟੀਚਾ ਲੰਡਨ ਉਲੰਪਿਕ 2012 ਲਈ ਕੁਆਲੀਫਾਈ ਕਰਨਾ ਰਿਹਾ। ਆਪਣੇ ਇਸ ਟੀਚੇ ਵਿੱਚ ਅਜੇ ਤੱਕ 9 ਸ਼ੂਟਰ ਕਾਮਯਾਬ ਹੋ ਚੁੱਕੇ ਹਨ, ਜਦਕਿ ਜਨਵਰੀ 2012 ਵਿੱਚ ਉਲੰਪਿਕ ਕੁਆਲੀਫਾਈ ਦੇ ਮੁਕਾਬਲਿਆਂ ਵਿੱਚ ਕੁੱਝ ਹੋਰ ਭਾਰਤੀ ਸ਼ੂਟਰ ਵੀ ਆਪਣੀ ਕਿਸਮਤ ਅਜਮਾਉਣਗੇ। ਸਾਲ 2011 ਵਿੱਚ ਭਾਰਤੀ ਸ਼ੂਟਰਾਂ ਵਲੋਂ ਉਲੰਪਿਕ ਦਾ ਟਿਕਟ ਕਟਵਾਉਣ ਵਾਲਿਆਂ ਵਿੱਚ ਗਗਨ ਨਾਰੰਗ, ਹਰੀ ਓਮ ਸਿੰਘ, ਅਭਿਨਵ ਬਿੰਦਰਾ, ਰੰਜਨ ਸੋਢੀ, ਸੰਜੀਵ ਰਾਜਪੂਤ, ਵਿਜੇ ਕੁਮਾਰ, ਰਾਹੀ ਸਰਨੋਵਤ, ਅਨੂ ਰਾਜ ਸਿੰਘ, ਸ਼ਗਨ ਚੌਧਰੀ ਲਈ ਦੇ ਨਾਮ ਸ਼ਾਮਿਲ ਹਨ। ਸੋ ਕੁੱਲ ਮਿਲਾ ਕੇ ਸਾਲ 2011 ਭਾਰਤੀ ਸ਼ੂਟਰਾਂ ਲਈ ਭਵਿੱਖ ਦੀ ਵਿਓਂਤਬੰਧੀ ਪੱਖੋਂ ਤਾਂ ਠੀਕ ਰਿਹਾ ਪਰ ਰੰਜਨ ਸੋਢੀ ਤੋਂ ਇਲਾਵਾ ਹੋਰ ਕਿਸੇ ਵੀ ਸ਼ੂਟਰ ਨੂੰ ਕੋਈ ਵੱਡੀ ਸਫਲਤਾ ਹਾਸਿਲ ਨਹੀਂ ਹੋਈ।
ਮੁੱਕੇਬਾਜ਼ੀ ਦੇ ਖੇਤਰ ਵਿੱਚ ਭਾਰਤੀ ਮੁੱਕੇਬਾਜ਼ੀ ਨਵੀਆਂ ਮਿੱਥਾਂ ਸਿਰਜਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਸਾਲ 2011 ਵਿੱਚ ਭਾਰਤੀ ਮੁੱਕੇਬਾਜ਼ਾਂ ਦੀ ਮਿਹਨਤ ਨੂੰ ਬੂਰ ਵੀ ਪਿਆ, ਹਾਲਾਂਕਿ ਇਸ ਦੌਰ ਨੂੰ ਮੁੱਕੇਬਾਜ਼ ਗੁਰਚਰਨ ਸਿੰਘ ਅਤੇ ਉਸ ਤੋਂ ਬਾਅਦ ਵਿਜੇਂਦਰ ਨੇ ਸਫਲ ਬਨਾਉਣ ਲਈ ਨਵੇਂ ਇਤਿਹਾਸ ਰਚੇ ਸਨ। ਸਾਲ 2011 ਵਿੱਚ ਭਾਰਤੀ ਮੁੱਕੇਬਾਜ਼ੀ ਦਾ ਇਤਿਹਾਸ ਜਾਂ ਕਹੋ ਰਿਕਾਰਡ ਤੋੜ ਪ੍ਰਦਰਸ਼ਨ ਰਿਹਾ ਜਦੋਂ ਉਲੰਪਿਕ ਲਈ ਇਕ ਹੀ ਮੁਕਾਬਲੇ ਵਿੱਚੋਂ 4 ਭਾਰਤੀ ਮੁੱਕੇਬਾਜ਼ਾਂ ਨੇ ਕੁਆਲੀਫਾਈ ਕੀਤਾ। ਇਨਾਂ੍ਹ ਚਾਰ ਮੁੱਕੇਬਾਜ਼ਾਂ ਵਿੱਚ 69 ਕਿਲੋਗ੍ਰਾਮ ਵਰਗ ਵਿੱਚ ਵਿਕਾਸ ਕ੍ਰਿਸ਼, 64 ਕਿਲੋਗ੍ਰਾਮ ਵਰਗ ‘ਚ ਜੈ ਭਗਵਨ ਅਤੇ 49 ਕਿਲੋਗ੍ਰਾਮ ਵਰਗ ਵਿੱਚ ਦੇਵਿੰਦਰੋ ਬਿਸ਼ੂ ਦੇ ਨਾਮ ਸ਼ਾਮਿਲ ਹਨ। ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ, ਜੋ ਕੇ ਉਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕੇ ਹਨ ਅਤੇ ਸਾਲ 2009 ਵਿੱਚ ਮਿਡਲਵੇਟ ਵਰਗ ਵਿੱਚ ਵਿਸ਼ਵ ਦਾ ਸਰਵੋਤਮ ਮੁੱਕੇਬਾਜ਼ ਵੀ ਐਲਾਨਿਆ ਗਿਆ ਹੈ ਤੋਂ ਇਲਾਵਾ ਸਰਨਜੋਆਏ ਸਿੰਘ, ਪਰਮਜੀਤ ਸਮੋਤਾ, ਗੁਰਬਖਸ਼ ਸਿੰਘ ਅਤੇ ਅਖਿਲ ਵੀ ਮਾਰਚ ਵਿੱਚ ਹੋ ਰਹੇ ਉਲੰਪਿਕ ਕੁਆਲੀਫਾਈ ਵਿੱਚ ਆਪਣੀ ਕਿਸਮਤ ਅਜਮਾਉਣਗੇ। ਕੁੱਲ ਮਿਲਾ ਕੇ ਮੁੱਕੇਬਾਜ਼ੀ ਵੀ ਸਾਲ ੨੦੧੧ ਵਿੱਚ ਇਕ ਅਜਿਹੀ ਖੇਡ ਸਾਹਮਣੇ ਆਈ, ਜਿਸ ਤੋਂ ਅਸੀਂ ਉਲੰਪਿਕ ਵਿੱਚ ਤਗਮੇ ਦੀ ਉਮੀਦ ਲਾ ਸਕਦੇ ਹਾਂ।
ਗੱਲ ਜੇਕਰ ਹੁਣ ਭਾਰਤੀ ਪਹਿਲਵਾਨਾਂ ਦੀ ਕਰੀਏ ਤਾਂ ਸਾਲ 2011 ਵਿੱਚ ਕੁਸ਼ਤੀ ਵਿੱਚ ਕੁੱਝ ਜ਼ਿਆਦਾ ਹਾਸਲ ਨਹੀਂ ਹੋਇਆ। ਭਾਰਤੀ ਪਹਿਲਵਾਨ ਸਾਲ 2011 ਵਿੱਚ ਇਸਤਾਂਬੁਲ ਵਿਖੇ ਹੋਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਰੋਂ ਖਾਨੇ ਚਿੱਤ ਹੋਏ ਅਤੇ ਲੰਡਨ ਉਲੰਪਿਕ ਲਈ ਵੀ ਕੁਆਲੀਫਾਈ ਨਹੀਂ ਹੋ ਸਕੇ, ਹਾਲਾਂਕਿ ਇਸ ਚੈਂਪੀਅਨਸ਼ਿਪ ਵਿੱਚ 19 ਭਾਰਤੀ ਪਹਿਲਵਾਨਾਂ ਵੱਲੋਂ ਹਿੱਸਾ ਲਿਆ ਗਿਆ ਸੀ। ਹਾਲਾਂਕਿ ਇਸ ਸਾਲ 2011 ਵਿੱਚ ਹੋਈ ਇਸ ਨਿਰਾਸ਼ਜਨਕ ਹਾਰ ਤੋਂ ਬਾਅਦ ਹੁਣ ਭਾਰਤੀ ਪਹਿਲਵਾਨਾਂ ਕੋਲ ਤਿੰਨ ਹੋਰ ਮੌਕੇ ਸਾਲ 2012 ਵਿੱਚ ਮਿਲਣਗੇ ਅਤੇ ਅਸੀਂ ਆਮ ਕਰਦੇ ਹਾਂ ਮਿਲਣਗੇ ਅਤੇ ਅਸੀਂ ਆਸ ਕਰਦੇ ਹਾਂ ਕਿ 2008 ਦੀ ਉਲੰਪਿਕ ਖੇਡਾਂ ਦੇ ਤਗਮਾ ਜੈਤੂ ਸ਼ੁਸੀਲ ਕੁਮਾਰ ਆਪਣੀ ਪੂਰੀ ਭਾਰਤੀ ਟੀਮ ਨਾਲ ਕੁੱਝ ਚੰਗਾ ਜ਼ਰੂਰ ਕਰਨਗੇ।
ਲੇਖ ਦੇ ਆਖਿਰ ਵਿੱਚ ਗੱਲ ਕਰਦੇ ਹਾਂ ਸ਼ਤਰੰਜ ਦੀ, ਜਿਸ ਖੇਤ ਬਾਰੇ ਭਾਰਤ ਨੇ ਦੁਨੀਆਂ ਨੂੰ ਸਿਖਾਇਆ ਪਰ ਸਾਲ 2011 ਵਿੱਚ ਵਿਸ਼ਵ ਨਾਥਨ ਆਨੰਦ ਕੋਈ ਚਮਤਕਾਰ ਨਾ ਕਰ ਸਕੇ ਅਤੇ ਸਾਲ 2011 ਵਿੱਚ ਨੰਬਰ ਇਕ ਹੋਣ ਦਾ ਤੱਜ ਵੀ ਗੁਆ ਬੈਠੇ ਅਤੇ ਇਸ ਤੋਂ ਇਲਾਵਾ ਸ਼ਸੀਕਰਨ ਕ੍ਰਿਸ਼ਨਨ ਵੀ ਸਾਲ ਦੇ ਅੰਤ ਤੱਕ ਵਿਸ਼ਵ ਦਰਜਾਬੰਦੀ ਵਿੱਚ 56ਵੇਂ ਨੰਬਰ ਤੱਕ ਹੀ ਪਹੁੰਚ ਸਕੇ। ਹਾਲਾਂਕਿ ਇਸਤਰੀ ਵਰਗ ਵਿੱਚ ਕੈਨਿਰੋ ਹੰਪੀ ਲਗਾਤਾਰ ਸਾਲ 2007 ਦੇ ਅਕਤੂਬਰ ਮਹੀਨੇ ਤੋਂ ਹੁਣ ਤੱਕ ਵਿਸ਼ਵ ਦਰਜਾਬੰਦੀ ਵਿੱਚ ਨੰਬਰ 2 ਦੇ ਸਥਾਨ ਤੇ ਬਰਕਰਾਰ ਹੈ। ਇਸ ਤੋਂ ਇਲਾਵਾ ਦੋਰਣਾਵਲੀ ਹਲਿਕਾ ਵੀ ਵਿਸ਼ਵ ਦਰਜਾਬੰਦੀ ਵਿੱਚ ਸੁਧਾਰ ਕਰਦਿਆਂ 13ਵੇਂ ਸਥਾਨ ਤੇ ਪਹੁੰਚੀ ਜਦਕਿ ਤਾਨੀਆ ਸਚਦੇਵ, ਵਿਜੇ ਲਕਸ਼ਮੀ, ਪਦਮਨੀ ਰਓਤ ਕ੍ਰਮਵਾਰ 48ਵੇਂ, 61ਵੇਂ ਅਤੇ 72ਵੇਂ ਨੰਬਰ ਤੇ ਵਿਸ਼ਵਦਰਜਾਬੰਦੀ ਵਿੱਚ ਆਪਣੇ ਨਾਮ ਸਥਿਰ ਰੱਖਣ ‘ਚ ਕਾਮਯਾਬ ਹੋਈਆਂ ਹਨ। ਸੋ ਕੁੱਲ ਮਿਲਾ ਕੇ ਭਾਰਤੀ ਖੇਡ ਜਗਤ ਵਿੱਚ ਸਾਲ 2011 ਠੀਕ-ਠਾਕ ਰਿਹਾ। ਕਬੱਡੀ ਵਿਸ਼ਵ ਕੱਪ ਬਾਰੇ ਮੈਂ ਕੁੱਝ ਵੀ ਲਿਖਣਾ ਠੀਕ ਨਹੀਂ ਸਮਝਿਆ ਕਿਉਂਕਿ ਇਸ ਸੰਬੰਧੀ ਪਹਿਲਾਂ ਹੀ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਭਾਰਤੀ ਖੇਡ ਜਗਤ ਨੇ ਇਸ ਸਾਲ ਹਰ ਤਰ੍ਹਾਂ ਦੇ ਰੰਗ ਦਿਖਾਏ ਭਾਵੇਂ ਉਹ ਖਿਡਾਰੀਆਂ ਦਾ ਤਕਰਾਰ ਹੋਵੇ, ਭਾਵੇਂ ਖੇਡ ਸੰਸਥਾਵਾਂ ਦਾ, ਭਾਂਵੇ ਖੇਡ ਸੰਸਥਾਵਾਂ ਅਤੇ ਖਿਡਾਰੀਆਂ ਦਾ, ਭਾਂਵੇ ਜਿੱਤ ਦਾ, ਭਾਂਵੇ ਹਾਰ ਦਾ ਜਾਂ ਕਈ ਖਿਡਾਰੀਆਂ ਦੇ ਪਿੱਛੇ ਹੱਟਣ ਨਾਲ ਇਕ ਯੁੱਗ ਦੇ ਅੰਤ ਦਾ ਜਾਂ ਨਵੇਂ ਖਿਡਾਰੀਆਂ ਦੀ ਆਮਦ ਦਾ। ਸੋ ਆਸ ਕਰਦੇ ਹਾਂ ਕਿ ਅਗਲੇ ਸਾਲ, ਸਾਲ 2012 ਵਿੱਚ ਵੀ ਭਾਰਤੀ ਖਿਡਾਰੀ ਅਤੇ ਖੇਡਾਂ ਨਵਾਂ ਇਤਿਹਾਸ ਸਿਰਜਣ ਲਈ ਅਣਥੱਕ ਮਿਹਨਤ ਕਰਨਗੀਆਂ।

– ਅਮਰਿੰਦਰ ਸਿੰਘ, Email: amrpreet_9@yahoo.co.in